ਗੱਤਕਾ ਫੈਡਰੇਸ਼ਨ ਯੂ.ਕੇ. ਵੱਲੋਂ ਗੱਤਕਾ ਖੇਡ ਨੂੰ ਭਾਰਤੀ ਨੈਸ਼ਨਲ ਖੇਡਾਂ ‘ਚ ਸ਼ਾਮਲ ਕੀਤੇ ਜਾਣ ‘ਤੇ ਖੁਸ਼ੀ ਦਾ ਪ੍ਰਗਟਾਵਾ
ਅਗਲਾ ਟੀਚਾ ਗੱਤਕੇ ਨੂੰ ਏਸ਼ੀਅਨ, ਰਾਸ਼ਟਰਮੰਡਲ ਤੇ ਉਲੰਪਿਕ ਖੇਡਾਂ ‘ਚ ਸ਼ਾਮਲ ਕਰਵਾਉਣਾ ਹੈ : ਢੇਸੀ
ਚੰਡੀਗੜ੍ਹ 16 ਜੂਨ ( ਹਰਪ੍ਰੀਤ ਸਿੰਘ ਜੱਸੋਵਾਲ ) ਗੱਤਕਾ ਫੈਡਰੇਸ਼ਨ ਯੂ.ਕੇ. ਦੇ ਪ੍ਰਧਾਨ ਅਤੇ ਬਰਤਾਨਵੀਂ ਸੰਸਦ ਦੇ ਪਹਿਲੇ ਦਸਤਾਰਧਾਰੀ ਸਿੱਖ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਨੇ ਭਾਰਤ ਵਿਚ ਗੱਤਕਾ ਖੇਡ ਨੂੰ ਨੈਸ਼ਨਲ ਖੇਡਾਂ ਵਿਚ ਸ਼ਾਮਲ ਕੀਤੇ ਜਾਣ ਉੱਤੇ ਅਥਾਹ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਸਦਕਾ ਪੂਰੀ ਦੁਨੀਆਂ ਵਿੱਚ ਵਸਦੇ ਖਿਡਾਰੀਆਂ ਦੇ ਮਨਾਂ ਅੰਦਰ ਵੱਡੀ ਖੁਸ਼ੀ ਦੀ ਲਹਿਰ ਹੈ ਅਤੇ ਭਾਰਤ ਵਿਚ ਗੱਤਕੇ ਮਿਲੀ ਮਾਨਤਾ ਦੇ ਇਸ ਮਾਡਲ ਨੂੰ ਹੋਰਨਾਂ ਮੁਲਕਾਂ ਵਿੱਚ ਵੀ ਲਾਗੂ ਕਰਵਾਇਆ ਜਾਵੇਗਾ ਤਾਂ ਜੋ ਇਸ ਮਾਣਮੱਤੀ ਖੇਡ ਅਤੇ ਵਿਰਾਸਤੀ ਕਲਾ ਨੂੰ ਕੌਮਾਂਤਰੀ ਪੱਧਰ ਤੇ ਮਾਨਤਾ ਦਿਵਾਈ ਜਾ ਸਕੇ।
ਇਕ ਬਿਆਨ ਵਿਚ ਸ. ਢੇਸੀ ਨੇ ਦੱਸਿਆ ਕਿ ਨੈਸ਼ਨਲ ਖੇਡਾਂ ਵਿੱਚ ਸ਼ਾਮਲ ਹੋਣ ਨਾਲ ਗੱਤਕਾ ਖੇਡ ਨੂੰ ਭਾਰਤ ਸਮੇਤ ਸਮੁੱਚੀ ਦੁਨੀਆਂ ਵਿੱਚ ਪ੍ਰਫੁੱਲਤ ਕਰਨ ਵਿੱਚ ਬਹੁਤ ਮੱਦਦ ਮਿਲੇਗੀ।
ਉਨ੍ਹਾਂ ਇਸ ਵੱਡੀ ਪ੍ਰਾਪਤੀ ਲਈ ਵਿਸ਼ਵ ਗੱਤਕਾ ਫੈਡਰੇਸ਼ਨ ਅਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਵੱਲੋਂ ਪਾਏ ਯੋਗਦਾਨ ਤੇ ਪਿਛਲੇ ਡੇਢ ਦਹਾਕੇ ਤੋਂ ਕੀਤੇ ਜਾ ਰਹੇ ਅਣਥੱਕ ਯਤਨਾਂ ਦੀ ਸ਼ਲਾਘਾ ਕਰਦਿਆਂ ਸਮੂਹ ਗੱਤਕਾ ਖਿਡਾਰੀਆਂ, ਅਹੁਦੇਦਾਰਾਂ, ਕੋਚਾਂ ਅਤੇ ਰੈਫਰੀਆਂ ਨੂੰ ਵੀ ਵਧਾਈ ਦਿੱਤੀ ਹੈ। ਇਸ ਕਾਰਜ ਲਈ ਉਹਨਾਂ ਇੰਡੀਅਨ ਓਲੰਪਿਕ ਐਸੋਸੀਏਸ਼ਨ (ਆਈ.ਓ.ਏ.) ਦਾ ਵੀ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਭਵਿੱਖ ਵਿੱਚ ਵੀ ਆਈ.ਓ.ਏ. ਭਾਰਤ ਦੀ ਇਸ ਮਹਾਨ ਕਲਾ ਨੂੰ ਹੋਰ ਪ੍ਰਫੁੱਲਤ ਕਰਨ ਲਈ ਨੈਸ਼ਨਲ ਗੱਤਕਾ ਐਸੋਸੀਏਸ਼ਨ ਨੂੰ ਬਿਹਤਰ ਮੌਕੇ ਪ੍ਰਦਾਨ ਕਰਦੀ ਰਹੇਗੀ।
ਉਨਾਂ ਦੱਸਿਆ ਕਿ ਸਦੀਆਂ ਤੋਂ ਪਰਖੀ ਹੋਈ ਇਹ ਵਿਰਾਸਤੀ ਕਲਾ ਸਾਲ 1936 ਤੋਂ ਇੱਕ ਸਵੈ-ਰੱਖਿਆ ਵਾਲੀ ਖੇਡ ਵਜੋਂ ਉੱਚ ਵਿੱਦਿਅਕ ਸੰਸਥਾਵਾਂ ਅੰਦਰ ਮੁਕਾਬਲੇ ਦੀ ਨਿਯਮਤ ਖੇਡ ਵਜੋਂ ਪ੍ਰਚੱਲਤ ਸੀ ਪਰ 1985 ਤੋਂ ਬਾਅਦ ਇਹ ਲੱਗਭੱਗ ਬੰਦ ਹੋ ਗਈ। ਉਨ੍ਹਾਂ ਕਿਹਾ ਕਿ ਆਈ.ਓ.ਏ. ਨੂੰ ਇਸ ਪੁਰਾਤਨ ਕਲਾ/ਖੇਡ ਵਜੋਂ ਮਾਨਤਾ ਦੇਣ ਵਿੱਚ 87 ਸਾਲ ਲੱਗ ਗਏ ਕਿਉਂਕਿ ਗੱਤਕੇ ਦੀਆਂ ਕਈ ਸਮਕਾਲੀ ਖੇਡਾਂ ਨੂੰ ਪਹਿਲਾਂ ਹੀ ਆਈ.ਓ.ਏ. ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਵੱਲੋਂ ਮਾਨਤਾ ਦਿੱਤੀ ਜਾ ਚੁੱਕੀ ਹੈ।
ਸ. ਢੇਸੀ ਨੇ ਦੱਸਿਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਉਲੀਕੇ ਹੋਏ ਰੋਡਮੈਪ ਤਹਿਤ ਗੱਤਕਾ ਖੇਡ ਨੂੰ ਵਿਸ਼ਵ ਭਰ ਵਿੱਚ ਪ੍ਰਫੁੱਲਤ ਕਰਨ ਅਤੇ ਪ੍ਰਚਾਰਨ ਹਿੱਤ ਵਿਜ਼ਨ ਡਾਕੂਮੈਂਟ-2030 ਵੀ ਤਿਆਰ ਹੈ ਜਿਸ ਤਹਿਤ ਅਗਲਾ ਟੀਚਾ ਗੱਤਕਾ ਖੇਡ ਨੂੰ ਏਸ਼ੀਅਨ ਖੇਡਾਂ, ਸੈਫ਼ ਖੇਡਾਂ, ਰਾਸ਼ਟਰਮੰਡਲ ਖੇਡਾਂ ਅਤੇ ਉਲੰਪਿਕ ਖੇਡਾਂ ਵਿੱਚ ਸ਼ਾਮਲ ਕਰਵਾਉਣਾ ਹੈ ਕਿਉਂਕਿ ਗੱਤਕਾ ਖੇਡ ਦੇ ਹਾਣ ਦੀਆਂ ਖੇਡਾਂ ਪਹਿਲਾਂ ਹੀ ਉਪਰੋਕਤ ਕੌਮਾਂਤਰੀ ਖੇਡਾਂ ਵਿੱਚ ਸ਼ਾਮਲ ਹੋ ਚੁੱਕੀਆਂ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਜੰਗ ਬਹਾਦਰ ਸਿੰਘ ਅਤੇ ਕਮਲਪ੍ਰੀਤ ਕੌਰ ਵੀ ਹਾਜਰ ਸਨ।