ਡੱਲੇਵਾਲ ਵਲੋਂ ਗੜੇਮਾਰ ਤੇ ਮੀਂਹ ਕਾਰਨ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜ਼ਾ ਦੇਣ ਲਈ ਸਰਕਾਰ ਨੂੰ ਅਪੀਲ
ਚੰਡੀਗੜ੍ਹ 21 ਮਾਰਚ ( ਹਰਪ੍ਰੀਤ ਸਿੰਘ ਜੱਸੋਵਾਲ )
ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸੀਨੀਅਰ ਆਗੂ ਸੂਬਾ ਪ੍ਰਧਾਨ BKU ਏਕਤਾ ਸਿੱਧੂਪੁਰ ਸ.ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਿੱਛਲੇ ਸਮੇਂ ਤੋਂ ਲਗਾਤਾਰ ਕਈ ਫਸਲਾ ਉੱਪਰ ਪਈਆਂ ਕੁਦਰਤੀ ਮਾਰਾ ਅਤੇ ਸਰਕਾਰਾ ਦੀ ਕਿਸਾਨਾਂ ਪ੍ਰਤੀ ਬੇਰੁਖੀ ਕਰਕੇ ਕਿਸਾਨੀ ਦਾ ਲੱਕ ਟੁੱਟ ਚੁੱਕਾ ਹੈ ਅਤੇ 17 ਮਾਰਚ ਤੋਂ ਗਰਜ-ਚਮਕ ਕਾਰਨ ਹੋਈ ਭਾਰੀ ਬਰਸਾਤ ਅਤੇ ਗੜੇਮਾਰੀ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਬੁਰੀ ਤਰ੍ਹਾਂ ਡਿੱਗਣ ਅਤੇ ਪਾਣੀ ਖੜਨ ਕਰਕੇ ਨੁਕਸਾਨੀ ਗਈ ਹੈ ਜਿਸ ਦੀਆਂ ਪਟਿਆਲਾ,ਲੁਧਿਆਣਾ,ਸ਼੍ਰੀ ਮੁਕਤਸਰ ਸਾਹਿਬ,ਫਤਿਹਗੜ੍ਹ ਸਾਹਿਬ,ਫਿਰੋਜ਼ਪੁਰ, ਬਠਿੰਡਾ ਤਲਵੰਡੀ ਸਾਬੋ ਅਤੇ ਸਾਰੇ ਪੰਜਾਬ ਤੋਂ ਵੱਡੇ ਪੱਧਰ ਤੇ ਨੁਕਸਾਨ ਹੋਣ ਦੀਆਂ ਰਿਪੋਰਟਾਂ ਆ ਰਹੀਆਂ ਹਨ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਸ ਸਮੇਂ ਪੱਕਣ ਦੇ ਕੰਢੇ ਖੜੀ ਫਸਲ ਉੱਪਰ ਹੋਈ ਇਸ ਬਰਸਾਤ ਤੇ ਗੜੇਮਾਰੀ ਨੇ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਆਰਥਿਕ ਪੱਖੋਂ ਬਿਲਕੁੱਲ ਹੀ ਤੋੜਨ ਦਾ ਕੰਮ ਕੀਤਾ ਹੈ। ਇਸ ਲਈ ਪੰਜਾਬ ਸਰਕਾਰ ਕਿਸਾਨਾਂ ਦੀ ਫਸਲਾ ਦੇ ਹੋਏ ਖਰਾਬੇ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰਕੇ ਗਿਰਦਾਵਰੀਆਂ ਕਰਵਾਏ ਅਤੇ ਫਸਲਾ ਦੇ ਹੋਏ ਨੁਕਸਾਨ ਦਾ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਅੱਗੇ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇਹਨਾਂ ਕੁਦਰਤੀ ਆਫਤਾਂ ਤੋਂ ਬਚਾਉਣ ਲਈ ਅਤੇ ਕਿਸਾਨਾਂ ਨੂੰ ਆਰਥਿਕ ਤੌਰ ਤੇ ਹੋ ਰਹੇ ਨੁਕਸਾਨ ਦੀ ਪੂਰਤੀ ਕਰਨ ਲਈ ਕਿਸਾਨਾਂ ਦੀਆਂ ਫਸਲਾਂ ਦਾ ਬੀਮਾ ਆਪਣੇ ਤੌਰ ਤੇ ਕਰਵਾਏ ਅਤੇ ਉਸ ਦੇ ਲਈ ਪੰਜਾਬ ਸਰਕਾਰ ਮੰਡੀ ਬੋਰਡ ਤੋਂ ਹੋਣ ਵਾਲੀ ਆਮਦਨ ਵਿੱਚੋਂ ਫਸਲਾਂ ਦੇ ਹੋਣ ਵਾਲੇ ਬੀਮੇ ਦਾ ਪ੍ਰੀਮੀਅਰ ਭਰੇ ਤਾਂ ਜੋ ਕਿਸਾਨਾ ਦੀ ਫ਼ਸਲ ਦੇ ਹੋਏ ਨੁਕਸਾਨ ਦੀ ਭਰਪਾਈ ਕਰਕੇ ਕਿਸਾਨਾਂ ਦੀ ਸਮੇਂ ਸਿਰ ਆਰਥਿਕ ਤੌਰ ਤੇ ਬਾਂਹ ਫੜੀ ਜਾ ਸਕੇ।