ਦਹਿਸ਼ਤ ਦੇ ਸਾਏ ‘ਚ ਰਹਿ ਰਹੇ ਪੰਜਾਬ ‘ਚ ਕਿਹੜਾ ਨਿਵੇਸ਼ਕ ਕਰੇਗਾ ਨਿਵੇਸ਼: ਅਵਿਨਾਸ਼ ਰਾਏ ਖੰਨਾ
ਭਾਜਪਾ ਦਾ ਮੁੱਖ ਏਜੰਡਾ ਪੰਜਾਬੀਆਂ ਦਾ ਹਿੱਤ, ਪੰਜਾਬ ਦੀ ਭਾਈਚਾਰਕ ਸਾਂਝ, ਸ਼ਾਂਤੀ ਤੇ ਖੁਸ਼ਹਾਲੀ: ਖੰਨਾ
ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਪੰਜਾਬ ਹੋਇਆ ਅਸੁਰੱਖਿਅਤ: ਅਵਿਨਾਸ਼ ਰਾਏ ਖੰਨਾ
ਚੰਡੀਗੜ੍ਹ: 18 ਮਾਰਚ ( ਹਰਪ੍ਰੀਤ ਸਿੰਘ ਜੱਸੋਵਾਲ ), ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਤੇ ਭਾਜਪਾ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਅਵਿਨਾਸ਼ ਰਾਏ ਖੰਨਾ ਨੇ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ ਕਾਰਜਸ਼ੈਲੀ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਹਰ ਵਿਅਕਤੀ ਪੁਲਿਸ ਥਾਣੇ, ਜੇਲ੍ਹ ਜਾਂ ਜਿਸ ਵਿਅਕਤੀ ਨੂੰ ਸੁਰੱਖਿਆ ਮਿਲੀ ਹੋਈ ਹੈ, ਉਸ ਨੂੰ ਸਬ ‘ਤੋਂ ਸੁਰੱਖਿਅਤ ਮੰਨਦਾ ਹੈ। ਅਵਿਨਾਸ਼ ਰਾਏ ਖੰਨਾ ਨੇ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਕੋਈ ਵੀ ਵਿਅਕਤੀ ਕਿਤੇ ਵੀ ਸੁਰੱਖਿਅਤ ਨਹੀਂ ਹੈ। ਅੱਜ ਹਾਲਾਤ ਅਜਿਹੇ ਬਣ ਗਏ ਹਨ ਕਿ ਪੰਜਾਬ ਵਿੱਚ ਹਰ ਕੋਈ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।
ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਮੌਜੂਦਾ ਹਾਲਾਤ ਤੋਂ ਬਹੁਤ ਦੁਖੀ ਅਤੇ ਚਿੰਤਤ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਇੱਕ ਸਾਲ ਦੇ ਰਾਜ ਦੌਰਾਨ ਸੂਬੇ ‘ਚ ਅਮਨ-ਕਾਨੂੰਨ ਬਣਾਈ ਰੱਖਣ ਅਤੇ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ ਵਿੱਚ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮੁੱਖ ਏਜੰਡਾ ਪੰਜਾਬੀਆਂ ਦਾ ਹਿੱਤ, ਪੰਜਾਬ ਦੀ ਭਾਈਚਾਰਕ ਸਾਂਝ, ਪੰਜਾਬ ਦੀ ਸ਼ਾਂਤੀ ਅਤੇ ਖੁਸ਼ਹਾਲੀ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਜਿਸ ਤਰੀਕੇ ਨਾਲ ਵਾਰ-ਵਾਰ ਇੰਟਰਵਿਊ ਦੇ ਕੇ ਧਮਕੀਆਂ ਦੇ ਰਿਹਾ ਹੈ, ਉਸ ਨੇ ਪੰਜਾਬ ਸਰਕਾਰ ਅਤੇ ਪੁਲਿਸ-ਪ੍ਰਸ਼ਾਸ਼ਨ ਦੀਆਂ ਕਾਰਵਾਈਆਂ ਦੀ ਪੋਲ ਖੋਲ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਿਸ਼ਨੋਈ ਨੇ ਜਿਸ ਤਰ੍ਹਾਂ ਇਕ ਨਿੱਜੀ ਟੀਵੀ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ, ਉਸ ਤੋਂ ਹਰ ਕੋਈ ਹੈਰਾਨ ਅਤੇ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਾਲਾਤ ਸੁਧਰਨ ਦੀ ਬਜਾਏ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੁੰਡਾਗਰਦੀ, ਦੇਸ਼ ਵਿਰੋਧੀ ਤਾਕਤਾਂ ਸੱਤਾ ਵਿੱਚ ਹਨ। ਹਰ ਰੋਜ਼ ਕਤਲ ਹੋ ਰਹੇ ਹਨ। ‘ਆਪ’ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਮੋਹਾਲੀ ‘ਚ ਪੰਜਾਬ ਪੁਲਿਸ ਇੰਟੈਲੀਜੈਂਸ ਦੀ ਮੁੱਖ ਇਮਾਰਤ ਅਤੇ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਰਾਕੇਟ ਲਾਂਚਰਾਂ ਨਾਲ ਹਮਲੇ ਕੀਤੇ ਗਏ। ਕਬੱਡੀ ਖਿਡਾਰੀ ਸੰਦੀਪ ਸਿੰਘ ਅੰਬੀਆ ਦਾ ਕਤਲ ਕਰ ਦਿੱਤਾ ਗਿਆ, ਪਰ ਉਸ ਦੇ ਪਰਿਵਾਰਾਂ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ, ਉਸ ਤੋਂ ਬਾਅਦ ਵੀ ਪੰਜ ਹੋਰ ਕਬੱਡੀ ਖਿਡਾਰੀ ਮਾਰੇ ਗਏ, ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ, ਉਸਦੇ ਪਰਿਵਾਰ ਵਾਲੇ ਅੱਜ ਵੀ ਇਨਸਾਫ਼ ਲਈ ਪੰਜਾਬ ਵਿਧਾਨ ਸਭਾ ਦੇ ਬਾਹਰ ਧਰਨਾ ਲਾਈ ਬੈਠੇ ਹਨ, ਸ਼ਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਅੰਮ੍ਰਿਤਸਰ ਵਿੱਚ ਪੁਲਿਸ ਦੇ ਸਾਹਮਣੇ ਗੋਲੀ ਮਾਰ ਕੇ ਮਾਰਿਆ ਗਿਆ। ਅੰਮ੍ਰਿਤਸਰ ‘ਚ ਹੀ ਇਕ ਹੋਰ ਘਟਨਾ ‘ਚ ‘ਆਪ’ ਨੇਤਾ ਦੇ ਬੇਟੇ ਨੇ ਜਾਇਦਾਦ ਦੇ ਵਿਵਾਦ ਨੂੰ ਲੈ ਕੇ ਪੁਲਸ ਦੇ ਸਾਹਮਣੇ ਗੋਲੀ ਚਲਾ ਕੇ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ। ਹੁਣ ਗੈਂਗਸਟਰ ਜੇਲ੍ਹਾਂ ਵਿੱਚੋਂ ਇੰਟਰਵਿਊ ਦੇ ਰਹੇ ਹਨ। ਗੋਇੰਦਵਾਲ ਸਾਹਿਬ ਜੇਲ ‘ਚ ਆਪਸੀ ਲੜਾਈ ‘ਚ ਜੇਲ ਦੇ ਅੰਦਰ 2 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਜੇਲ੍ਹਾਂ ਵਿੱਚ ਗੈਂਗਵਾਰ ਕਰਵਾ ਕੇ ਕਤਲ ਕੀਤੇ ਜਾ ਰਹੇ ਹਨ ਤਾਂ ਜੋ ਸਬੂਤ ਮਿਟਾਏ ਜਾ ਸਕਣ। ਥਾਣਾ ਅਜਨਾਲਾ ਦੀ ਘਟਨਾ ਨੇ ਪੁਲਿਸ ਪ੍ਰਸ਼ਾਸਨ ਦੀ ਬੇਵਸੀ ਦਾ ਪਰਦਾਫਾਸ਼ ਕਰ ਦਿੱਤਾ ਹੈ। ਹੋਲਾ ਮੁਹੱਲਾ ਦੌਰਾਨ ਹਥਾਪਾਈ ਦੌਰਾਨ ਇੱਕ ਨੌਜਵਾਨ ਦਾ ਸਰੇਆਮ ਕਤਲ ਕਰ ਦਿੱਤਾ ਗਿਆI ਇਹ ਸਭ ਇਹ ਦਰਸਾਉਂਦਾ ਹੈ ਕਿ ਪੰਜਾਬ ਪੁਲਿਸ ਦੇ ਹੌਂਸਲੇ ਟੁੱਟ ਚੁੱਕੇ ਹਨ। ਲੱਗਦਾ ਹੈ ਕਿ ਪੰਜਾਬ ਵਿੱਚ ਲੋਕਤੰਤਰ ਨਹੀਂ ਸਗੋਂ ਗੈਂਗਸਟਰਾਂ ਦੀ ਸਰਕਾਰ ਹੈ। ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪੰਜਾਬ ਸਰਕਾਰ ਲੋਕਾਂ ਨੂੰ ਇਨਸਾਫ਼ ਦੇਣ ਵਿੱਚ ਨਾਕਾਮ ਰਹੀ ਹੈ।
ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਮੁਖਮੰਤਰੀ ਭਗਵੰਤ ਮਾਨ ਆਪਣੀ ਸਾਖ ਬਚਾਉਣ ਲਈ ਮੁੜ ਜਨਤਾ ਨਾਲ ਝੂਠ ਬੋਲ ਰਹੇ ਹਨ। ਪੰਜਾਬ ਵਿੱਚ ਵਪਾਰੀਆਂ ਅਤੇ ਹੋਰ ਲੋਕਾਂ ਤੋਂ ਹਰ ਰੋਜ਼ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੀ ਹਾਲਤ ਸ਼ੇਖ ਚਿੱਲੀ ਦੇ ਸੁਪਨਿਆਂ ਵਰਗੀ ਹੈ। ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ‘ਚ ਆਈ ‘ਆਪ’ ਸਰਕਾਰ ਨੇ ਅੱਜ ਤੱਕ ਔਰਤਾਂ ਨੂੰ 1000 ਰੁਪਏ ਦੇਣ, ਕਿਸਾਨਾਂ ਨਾਲ ਕੀਤੇ ਵਾਅਦੇ, ਨੌਜਵਾਨਾਂ ਨੂੰ ਰੁਜ਼ਗਾਰ, ਨਵੇਂ ਉਦਯੋਗਾਂ ਦੀ ਸਥਾਪਨਾ, ਪੰਜਾਬ ਦਾ ਖਜ਼ਾਨਾ ਭਰਨ ਆਦਿ ਵਰਗੇ ਕੀਤੇ ਵਾਅਦਿਆਂ ਵਿੱਚੋਂ ਕੋਈ ਵੀ ਪੂਰਾ ਨਹੀਂ ਕੀਤਾ। ‘ਆਪ’ ਸਰਕਾਰ ਜਿਨ੍ਹਾਂ ਸਕੀਮਾਂ ਨੂੰ ਪੰਜਾਬ ਵਿੱਚ ਲਾਗੂ ਕਰਨ ਦੀ ਗੱਲ ਕਰ ਰਹੀ ਹੈ, ਉਨ੍ਹਾਂ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਹਿਲਾਂ ਹੀ ਪੰਜਾਬ ਦੇ ਨਾਲ-ਨਾਲ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਲਾਗੂ ਕੀਤਾ ਜਾ ਚੁੱਕਿਆ ਹੈ। ਹੁਣ ਲੋਕਾਂ ਨੂੰ ਇਹ ਕਹਿ ਕੇ ਮੂਰਖ ਬਣਾਇਆ ਜਾ ਰਿਹਾ ਹੈ ਕਿ ਭਗਵੰਤ ਮਾਨ ਪੰਜਾਬ ਵਿੱਚ ਲਾਗੂ ਕਰਨਗੇ। ਸੂਬੇ ਵਿੱਚ ਉਦਯੋਗਾਂ ਦਾ ਪਲਾਇਨ ਹੋ ਰਿਹਾ ਹੈ, ਕੋਈ ਵੀ ਨਿਵੇਸ਼ਕ ਇੱਥੇ ਉਦਯੋਗ ਲਗਾਉਣ ਲਈ ਤਿਆਰ ਨਹੀਂ ਹੈ, ਬੇਰੁਜ਼ਗਾਰੀ ਸਿਖਰਾਂ ‘ਤੇ ਪੁੱਜ ਚੁੱਕੀ ਹੈ, ਬਜਟ ਵਿੱਚ ਉਦਯੋਗਾਂ ਨੂੰ ਬਚਾਉਣ ਲਈ ਕੋਈ ਨਵੀਂ ਉਦਯੋਗਿਕ ਨੀਤੀ ਜਾਂ ਕੋਈ ਯੋਜਨਾ ਦਾ ਜ਼ਿਕਰ ਨਹੀਂ ਹੈ, ਉਦਯੋਗਾਂ ਨੂੰ ਮਹਿੰਗੀ ਬਿਜਲੀ ਮਿਲ ਰਹੀ ਹੈ। ਪੰਜਾਬ ਤਬਾਹੀ ਦੇ ਕੰਢੇ ਖੜ੍ਹਾ ਹੈ ਅਤੇ ਇਸ ਨੂੰ ਬਚਾਉਣ ਦੀ ਲੋੜ ਹੈ।
ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਹੁਤ ਚਿੰਤਾਜਨਕ ਬਣ ਚੁੱਕੇ ਹਨ। ਗੈਂਗਸਟਰ ਅਤੇ ਵੱਖਵਾਦੀ ਤਾਕਤਾਂ ਵੱਡੇ ਪੱਧਰ ‘ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੀਆਂ ਹਨ। ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। ਖੰਨਾ ਨੇ ਕਿਹਾ ਕਿ ਪਿਛਲੇ ਇੱਕ ਸਾਲ ਤੋਂ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਭਗਵੰਤ ਮਾਨ ਸਰਕਾਰ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਆਉਂਦੀ ਹੈ। ਉਪਰੋਕਤ ਸਾਰੇ ਮਾਮਲੇ ਵਿੱਚ ਭਗਵੰਤ ਮਾਨ ਸਰਕਾਰ ਦੀ ਚੁੱਪ ਦਾ ਕੀ ਅਰਥ ਹੈ? ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਪੰਜਾਬੀਆਂ ਦੇ ਹਿੱਤਾਂ ਲਈ ਲੜਦੀ ਰਹੇਗੀ, ਜੇਕਰ ਲੋੜ ਪਈ ਤਾਂ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਿਰੁੱਧ ਸੜਕਾਂ ‘ਤੇ ਉਤਰਨ ਤੋਂ ਵੀ ਗੁਰੇਜ਼ ਨਹੀਂ ਕਰੇਗੀ। ਇਸ ਮੌਕੇ ਭਾਜਪਾ ਦੇ ਸੂਬਾ ਮੀਡੀਆ ਜੁਆਇੰਟ ਸਕੱਤਰ ਹਰਦੇਵ ਸਿੰਘ ਉੱਭਾ ਅਤੇ ਸੂਬਾ ਜੁਆਇੰਟ ਖਜ਼ਾਨਚੀ ਸੁਖਵਿੰਦਰ ਸਿੰਘ ਗੋਲਡੀ ਆਦਿ ਵੀ ਹਾਜ਼ਰ ਸਨ।