ਬਾਈ ਹੁਣ ਤਾਂ ਸਾਰੀਆਂ ਹੀ ਲੋੜਾਂ ਪੂਰੀਆਂ ਹੋ ਗਈਆਂ, ਵੀਰ ਸਾਡਾ ਤਾਂ ਰੱਬ ਹੀ ਰੁੱਸ ਗਿਆ !
ਇੱਕ ਔਰਤ ਪੂਰੇ ਪਰਿਵਾਰ ਤੇ ਘਰ ਨੂੰ ਸੰਭਾਲ ਕੇ ਰੱਖਦੀ ਹੈ ਪਰ ਜਦੋਂ ਇੱਕੋ ਘਰ ਦੇ ਵਿੱਚੋਂ 2 ਔਰਤਾਂ ਚਲੀਆਂ ਜਾਣ ਤਾਂ ਉਸ ਘਰ ਦੇ ਤੇ ਪਰਿਵਾਰ ਵਾਲਿਆਂ ਦੇ ਦਿਲ ਨੂੰ ਪੁੱਛਿਆ ਹੀ ਜਾਣੀਏ । ਮੇਰਾ ਭਰਾਵਾਂ ਵਰਗਾ ਯਾਰ ਤੇ ਬਹੁਤ ਹੀ ਨੇਕ ਦਿਲ ਇਨਸਾਨ ਜੋਤੀ ਸਿੰਗਲਾ ਜਿਸ ਉਤੇ ਆਹ ਦੁੱਖਾਂ ਦਾ ਪਹਾੜ ਟੁੱਟਿਆ ਹੈ ਜਿਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ । ਕੁੱਝ ਮਹੀਨੇ ਪਹਿਲਾਂ ਸਾਡੇ ਆਂਟੀ ਜੀ ਅਕਾਲ ਚਲਾਣਾ ਕਰ ਗਏ ਸੀ ਹਾਲੇ ਪਰਿਵਾਰ ਉਸ ਸਦਮੇ ਚੋ ਪੂਰੀ ਤਰਾਂ ਬਾਹਰ ਵੀ ਨਹੀਂ ਆਇਆ ਸੀ ਕਿ ਜੋਤੀ ਸਿੰਗਲਾ ਵੀਰ ਦੀ ਧਰਮ ਪਤਨੀ ਤੇ ਸਾਡੀ ਭੈਣ ਬਿੰਦੂ ਸਿੰਗਲਾ ਵੀ ਸੰਖੇਪ ਬਿਮਾਰੀ ਤੋਂ ਬਾਅਦ ਇਸ ਦੁਨੀਆਂ ਤੋਂ ਰੋਂਦੇ ਬੱਚੇ ਤੇ ਪਰਿਵਾਰ ਨੂੰ ਛੱਡਕੇ ਅਲਵਿਦਾ ਆਖ ਗਈ । ਇਸ ਉਮਰ ਚ ਬੱਚਿਆਂ ਤੇ ਪਰਿਵਾਰ ਨੂੰ ਛੱਡ ਕੇ ਜਾਣਾ ਬਹੁਤ ਹੀ ਦੁਖਦਾਈ ਤੇ ਅਸਾਹਿ ਦੁੱਖ ਵਾਲਾ ਲੱਗਦਾ ਕਿਉਂਕਿ ਬੇਟਾ ਜੋਆਏ ਤੇ ਬੇਟੀ ਨੂੰ ਇਸ ਸਮੇਂ ਮਾਂ ਦੇ ਪਿਆਰ ਤੇ ਧਿਆਨ ਦੀ ਬਹੁਤ ਜਿਆਦਾ ਜਰੂਰਤ ਸੀ ਉਥੇ ਹੀ ਬੱਚਿਆਂ ਦੇ ਨਾਲ ਬਜ਼ੁਰਗ ਪਿਤਾ ਜੋਤੀ ਵੀਰ ਦੇ ਪਾਪਾ ਜੀ ਦੀ ( ਜੋਤੀ ਸਿੰਗਲਾ ਦੀ ਮਾਤਾ ਜੀ ਦੀ ਮੌਤ ਤੋਂ ਬਾਅਦ ) ਜਿੰਮੇਵਾਰੀ ਹੋਰ ਵੱਧ ਗਈ ਸੀ ਪਰ ਹੁਣ ਤਾਂ ਘਰ ਵਿਚ ਰੋਟੀ ਪਕਾਉਣ ਵਾਲਾ ਵੀ ਕੋਈ ਨੀ ਕਿਉਂਕਿ ਧੀ ਰਾਣੀ ਕਾਫੀ ਛੋਟੀ ਹੈ ਪਰ ਉਸ ਡਾਢੇ ਰੱਬ ਅੱਗੇ ਕਿਸ ਦੀ ਕੋਈ ਅਰਜੋਈ ਜਾਂ ਮਿਨਤ ਕਮ ਨਹੀਂ ਆਈ ।
ਮਾਂ ਹੁੰਦੀ ਆ ਮਾਂ ਉਹ ਦੁਨੀਆਂ ਵਾਲਿਓ
ਜਦੋਂ ਸ਼ਮਸ਼ਾਨ ਘਾਟ ਵਿੱਚ ਜੋਆਏ ਵਲੋਂ ਵਲੋਂ ਆਪਣੀ ਮਾਂ ਨੂੰ ਅੱਖਾਂ ਵਿੱਚ ਹੰਝੂ ਲੈ ਕੇ ਮੁਖ ਅਗਨੀ ਦਿੱਤੀ ਗਈ ਤਾਂ ਉਥੇ ਖੜੇ ਹਰ ਵਿਅਕਤੀ ਦੀਆਂ ਜਿੱਥੇ ਅੱਖਾਂ ਭਰੀਆਂ ਤੇ ਹੰਝੂ ਵਹਾ ਰਹੀਆਂ ਸਨ ਉਥੇ ਹੀ ਰੋਂਦੇ ਦਿਲਾਂ ਵਿਚੋਂ ਆਹ ਨਿਕਲ ਰਹੀ ਸੀ । ਜੋਤੀ ਵੀਰ ਨੇ ਤੇ ਪੂਰੇ ਪਰਿਵਾਰ ਨੇ ਪਿਛਲੇ ਕੁੱਝ ਸਮੇਂ ਤੋਂ ਜਦੋਂ ਤੋਂ ਬਿਮਾਰੀ ਦਾ ਪਤਾ ਲੱਗਿਆ ਤੱਦ ਤੋਂ ਹਰ ਡਾਕਟਰ , ਹਰ ਹਸਪਤਾਲ ਤੇ ਰੱਬ ਦੇ ਹਰ ਦੁਆਰੇ ਜਾ ਕੇ ਮੱਥਾ ਰਗੜਿਆ ਹਰ ਕੋਸ਼ਿਸ਼ ਕੀਤੀ ਪਰ ……….. ।
ਹਾਲੇ ਕੁੱਝ ਦਿਨ ਪਹਿਲਾਂ ਦੀ ਗੱਲ ਹੈ ਜਦੋਂ ਸਾਡੀ ਭੈਣ ਬਿੰਦੂ ਸਿੰਗਲਾ ਦੇ ਓਪਰੇਸ਼ਨ ਤੋਂ ਬਾਅਦ ਜਦੋਂ ਮੈ PGI ਮਿਲਣ ਗਿਆ ਤੇ ਉਸ ਦਿਨ ਆਹੀ ਗੱਲ ਹੋਈ ਕੇ ਹੁਣ ਓਪਰੇਸ਼ਨ ਠੀਕ ਠਾਕ ਹੋ ਗਿਆ ਤੇ ਤੁਸੀਂ ਜਲਦੀ ਹੀ ਪਰਿਵਾਰ ਚ ਆ ਜਾਣਾ ਆਪਣੇ ਘਰ , ਪਰ ਆਹ ਨਹੀਂ ਪਤਾ ਸੀ ਕਿ ਹੁਣ ਮੁੜ ਕੇ ਕਦੇ ਨਹੀਂ ਮਿਲਣਾ ਤੇ ਨਾ ਹੀ ਇਹਨਾਂ ਨੇ ਮੁੜ ਆਪਣੇ ਘਰ ਆਉਣਾ ।
ਕੱਲ ਜਦੋਂ ਜੋਤੀ ਵੀਰ ਦਾ ਰਾਤੀਂ 12 ਵਜੇ ਦੇ ਕਰੀਬ ਮੈਸਜ ਆਇਆ ਤਾਂ ਯਕੀਨ ਹੀ ਨਹੀਂ ਆਇਆ ਕਿ ਆਹ ਕੀ ਭਾਣਾ ਵਰਤ ਗਿਆ ਮੈਂ ਕਿਹਾ ਜੋਤੀ ਵੀਰ ਮੈਂ ਤਾਂ ਬਾਹਰ ( ਵਿਦੇਸ਼ ) ਹਾਂ ਤੇ ਕੋਈ ਲੋੜ ਹੈ ਤਾਂ ਦੱਸੋ ਤਾਂ ਜੋਤੀ ਕਹਿੰਦਾ ਕੇ *ਬਾਈ ਹੁਣ ਤਾਂ ਸਾਰੀਆਂ ਹੀ ਲੋੜਾਂ ਪੂਰੀਆਂ ਹੋ ਗਈਆਂ, ਵੀਰ ਸਾਡਾ ਤਾਂ ਰੱਬ ਹੀ ਰੁੱਸ ਗਿਆ !
ਜਿਸ ਤਨ ਲਾਗੇ ਸੋਈ ਤਨ ਜਾਣੈ
ਭਾਵੇਂ ਇਸ ਦੁੱਖ ਨੂੰ ਅਸੀਂ ਹਰ ਤਰੀਕੇ ਨਾਲ ਵੰਡਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜੋ ਦੁੱਖ ਪਰਿਵਾਰ ਸਹਿਣ ਕਰ ਰਿਹਾ ਹੈ ਉਹ ਤਾਂ ਉਹੀ ਜਾਣਦੇ ਆ ।
ਵਾਹਿਗੁਰੂ ਜੀ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।