ਬਿਜਲੀ ਦੇ ਰੇਟ ਵਾਧਾ ਕੇ ਆਪ ਸਰਕਾਰ ਲੋਕਾਂ ਦੇ ਮੂੰਹੋਂ ਰੋਟੀ ਖੋਣ ਦਾ ਕੰਮ ਕਰ ਰਹੀ ਹੈ – ਡਿਪਟੀ ਮੇਅਰ ਮੋਹਾਲੀ
ਲੋਕ ਸਭਾ ਜਿਮਨੀ ਚੋਣ ਤੋਂ ਤੁਰੰਤ ਬਾਅਦ ਸਰਕਾਰ ਨੇ ਦਿੱਤਾ ਲੋਕਾਂ ਨੂੰ ਧੋਖਾ: ਬੇਦੀ
ਮੋਹਾਲੀ 15 ਮਈ ( ਹਰਪ੍ਰੀਤ ਸਿੰਘ ਜੱਸੋਵਾਲ ) ਪੰਜਾਬ ਸਰਕਾਰ ਵੱਲੋਂ ਬਿਜਲੀ ਦੇ ਰੇਟ ਵਧਾਏ ਜਾਣ ਦੀ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਹਾਲੇ ਜਲੰਧਰ ਵਿੱਚ ਹੋਈ ਲੋਕਸਭਾ ਜਿਮਨੀ ਚੋਣ ਨੂੰ ਕੁਝ ਘੰਟੇ ਹੀ ਬੀਤੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਭਾਰੀ ਲੀਡ ਨਾਲ ਜਿਤਾਇਆ ਹੈ ਪਰ ਇਸ ਜਿੱਤ ਤੋਂ ਤੁਰੰਤ ਬਾਅਦ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਜਲੀ ਦੇ ਰੇਟ ਵਿੱਚ ਵਾਧਾ ਕਰਕੇ ਲੋਕਾਂ ਨਾਲ ਧੋਖਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਨਵੀਆਂ ਦਰਾਂ ਲਾਗੂ ਹੋਣਗੀਆਂ ਜਿਸ ਅਨੁਸਾਰ 0 ਤੋਂ ਲੈ ਕੇ 100 ਯੂਨਿਟ ਤੱਕ 70 ਪੈਸੇ ਪ੍ਰਤੀ ਯੂਨਿਟ ਵਧੇ ਹਨ ਜਦੋਂ ਕਿ 0 ਤੋਂ ਲੈ ਕੇ 100 ਯੂਨਿਟ ਤੱਕ 3.49 ਤੋਂ ਵਧ ਕੇ 4.19 ਰੁਪਏ ਹੋ ਜਾਣਗੇ, 101-300 ਯੂਨਿਟ ਤੱਕ 80 ਪੈਸੇ ਪ੍ਰਤੀ ਯੂਨਿਟ ਵਧੇ ਹਨ, 101-300 ਯੂਨਿਟ ਤੱਕ 5.84 ਤੋਂ ਵਧਾ ਕੇ 6.64 ਰੁਪਏ ਕੀਤੇ ਗਏ ਹਨ, 300 ਤੋਂ ਉੱਪਰ 45 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ। ਇਸੇ ਤਰਾਂ 2 ਕਿੱਲੋਵਾਟ ਤੱਕ ਫਿਕਸ ਚਾਰਜ 35 ਤੋਂ ਵਧ ਕੇ 50 ਰੁਪਏ ਪ੍ਰਤੀ ਕਿਲੋਵਾਟ ਤੱਕ ਵਧਾਇਆ ਗਿਆ ਹੈ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਬਿਆਨ ਦੇ ਕੇ ਕਿਹਾ ਹੈ ਕਿ ਪਹਿਲਾਂ ਵਾਂਗ ਪੰਜਾਬ ‘ਚ ਦੋ ਮਹੀਨੇ ਅੰਦਰ ਫਿਲਹਾਲ 600 ਯੂਨਿਟ ਬਿਜਲੀ ਹੁਣੇ ਵੀ ਪਹਿਲਾਂ ਵਾਂਗ ਮੁਫ਼ਤ ਮਿਲੇਗੀ ਅਤੇ ਪੰਜਾਬ ਸਰਕਾਰ ਇਸ ਦੀ ਸਬਸਿਡੀ ਦੇਵੇਗੀ ਪਰ ਮੁੱਖ ਮਤਰੀ ਭਗਵੰਤ ਮਾਨ ਇਹ ਵੀ ਦੱਸਣ ਕਿ ਜਿਨ੍ਹਾਂ ਲੋਕਾਂ ਨੂੰ ਬਿਜਲੀ ਦਾ ਇਹ ਵਧੇ ਬਿੱਲ ਦੇਣੇ ਪੈਣਗੇ ਕੀ ਉਹਨਾਂ ਲੋਕਾਂ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਕੀ ਕੋਈ ਕਸੂਰ ਕੀਤਾ ਹੋਇਆ ਹੈ?
ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪਟਰੋਲ ਅਤੇ ਡੀਜ਼ਲ ਦੇ ਵਧੇ ਹੋਏ ਰੇਟਾਂ ਕਾਰਨ ਮਹਿੰਗਾਈ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਸਰਕਾਰ ਲੋਕਾਂ ਦੇ ਮੂੰਹੋਂ ਰੋਟੀ ਖੋਹਣ ਦਾ ਕੰਮ ਕਰ ਰਹੀ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਧੇ ਹੋਏ ਰੇਟ ਫੌਰੀ ਤੌਰ ਤੇ ਵਾਪਸ ਲੈ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।