ਅਜੋਕੇ ਜ਼ਮਾਨੇ ਦੀ ਤਰਜ਼ਮਾਨੀ ਕਰਦੀ ਤਸਵੀਰ ਨੌਜਵਾਨ ਹਰਪ੍ਰੀਤ ਆਹਲੂਵਾਲੀਆ ਦੀ ਕਲਮ ਤੋਂ
ਮੈਂ ਵੀ ਸਿਆਸਤਦਾਨ , ਸੋਸ਼ਲ ਮੀਡੀਆ ਤੇ ਟੂਲ ਕਿਟ
ਆਪਣੇ ਦੇਸ਼ ਵਿੱਚ ਰੋਟੀ ਤੋਂ ਵੀ ਜ਼ਿਆਦਾ ਸਿਆਸਤ ਜ਼ਰੂਰੀ ਹੈ।ਭਾਂਵੇ ਕਿਸੇ ਨੂੰ ਸਿਆਸਤ ਬਾਰੇ ਕੁਝ ਵੀ ਨਾ ਪਤਾ ਹੋਵੇ ਪਰ ਤਾਂ ਵੀ ਸਭ ਨੂੰ ਲੱਗਦੇ ਕੇ ਉਹ ਤਾਂ ਸਿਆਸੀ ਮਾਹਿਰ, ਵਿਸ਼ਲੇਸ਼ਕ ਤੇ ਸਿਆਸਤ ਦੇ ਵਿਦਵਾਨ ਹਨ।ਸੋਸ਼ਲ ਮੀਡੀਆ ਨੇ ਏਸ ਨੂੰ ਹੋਰ ਚਾਰ ਚੰਦ ਤੇ ਖੰਭ ਲਗਾ ਦਿੱਤੇ।ਅੱਜ ਦੇ ਸਮੇਂ ਵਿੱਚ ਮੀਡੀਆ ਤੇ ਸੋਸ਼ਲ ਮੀਡੀਆ ਤੇ ਸਿਆਸੀ ਵਿਦਵਾਨਾਂ ਦੀ ਸਿਆਸੀ ਸਮਝ ਤੇ ਉਨਾਂ ਦੇ ਵਿਚਾਰ ਅਕਸਰ ਸੁਣਨ ਨੂੰ ਤੇ ਵੇਖਣ ਨੂੰ ਮਿਲ ਜਾਂਦੇ ਹਨ।ਸੋਸ਼ਲ ਮੀਡੀਆ ਨੇ ਇਕ ਆਮ ਨਾਗਰਿਕ ਤੇ ਵੋਟਰ ਨੂੰ ਵੀ ਸਿਆਸੀ ਮਾਹਿਰ ਤੇ ਬੁੱਧੀਜੀਵੀ ਬਣਨ ਦਾ ਮੌਕਾ ਤੇ ਗਲਤਫਹਿਮੀ ਦੇ ਦਿੱਤੀ।ਯੂ-ਟਿਊਬ ਚੈਨਲਾਂ ਤੇ ਅਲੱਗ-ਅਲੱਗ ਸਿਆਸੀ ਵਿਸ਼ਿਆਂ ਤੇ ਆਪਣੇ ਵਿਚਾਰ ਤੇ ਸਲਾਹਾਂ ਦੇਣਾ ਇਕ ਫੈਸ਼ਨ ਬਣ ਚੁਕਿਆ ਹੈ।ਜਿਸਨੇ ਵਿਆਹਾਂ ਤੋਂ ਛੁੱਟ ਕਦੇ ਕੈਮਰਾ ਨਹੀਂ ਸੀ ਦੇਖਿਆ ਹੁੰਦਾ ਉਹ ਵੀ ਹੁਣ ਸਿਆਸੀ ਵਲੋਗਰ ਤੇ ਮਾਹਿਰ ਬਣ ਚੁੱਕੇ ਹਨ ਤੇ ਹਰ ਸਿਆਸੀ ਮੁੱਦੇ ਤੇ ਆਪਣੀ ਰਾਏ ਦੇਣਾ ਅਧਿਕਾਰ ਤੇ ਜ਼ਿੰਮੇਵਾਰੀ ਸਮਝਦੇ ਹਨ। ਜ਼ਿਆਦਾਤਰ ਲੋਕਾਂ ਦਾ ਮੁੱਦੇ ਦੀ ਅਸਲੀਅਤ,ਅਹਿਮੀਅਤ ਤੇ ਗੰਭੀਰਤਾ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ,ਉਨਾਂ ਦਾ ਬਸ ਇੱਕ ਹੀ ਮਕਸਦ ਹੁੰਦੇ ਕੇ ਮੋਬਾਈਲ ਤੇ ਵੀਡੀਓ ਪਾਕੇ ਕਿੰਨੇ ਲਾਈਕ ਤੇ ਵਿਉਜ਼ ਮਿਲਦੇ ਹਨ।ਉਨ੍ਹਾਂ ਦਾ ਇਕ ਮਾਤਰ ਸੁਪਨਾ ਲੋਕਾਂ ਵਿੱਚ ਮਸ਼ਹੂਰੀ ਤੇ ਸੋਸ਼ਲ ਮੀਡੀਆ ਪ੍ਰਭਾਵੀ(influencer) ਬਣਨਾ ਹੁੰਦਾ ਹੈ।ਏਹ ਸਿਆਸੀ ਵਿਦਵਾਨ ਤੇ ਬ੍ਰਹਮ-ਗਿਆਨੀ ਲੋਕ ਇਕ ਟੂਲ ਕਿਟ ਵਾਂਗ ਹੁੰਦੇ ਹਨ।ਜ਼ਿਆਦਾਤਰ ਲੋਕ ਅਲੱਗ-ਅਲੱਗ ਸਿਆਸੀ ਪਾਰਟੀਆਂ ਦੇ ਹਥਿਆਰ ਦੇ ਰੂਪ ਵਿੱਚ ਕੰਮ ਕਰਦੇ ਹਨ।ਹਰ ਕੋਈ ਕਿਸੇ ਪਾਰਟੀ ਵਿਸ਼ੇਸ਼ ਨਾਲ ਜੁੜਿਆ ਹੁੰਦੇ ਤੇ ਆਪਣੇ ਆਕਾਵਾਂ ਦੇ ਹੁਕਮਾਂ ਅਨੁਸਾਰ ਏਹ ਗਲਤ ਤੇ ਗੁੰਮਰਾਹਕੁੰਨ ਪ੍ਰਚਾਰ ਕਰਦੇ ਰਹਿੰਦੇ ਹਨ।ਟੂਲ ਕਿਟ ਦਾ ਕੰਮ ਜ਼ਿਆਦਾਤਰ ਅਸਲੀਅਤ ਤੇ ਸੱਚਾਈ ਨੂੰ ਤੋੜ-ਮਰੋੜ ਕੇ ਪੇਸ਼ ਕਰਨਾ,ਅਫਵਾਹਾਂ ਫੈਲਾਉਣਾ,ਬੇਬੁਨਿਆਦੀ ਇਲਜ਼ਾਮ ਲਗਾਣਾ,ਤਰਕਹੀਣ ਅਧਾਰ ਤੇ ਗੁੰਮਰਾਹ ਕਰਨ ਵਾਲਾ ਭੰਡੀ ਪ੍ਰਚਾਰ ਕਰਨਾ ਹੁੰਦਾ ਹੈ।ਅੱਜ ਦੇ ਲੋਕ ਸੱਚ ਵੀ ਉਹੀ ਮੰਨਦੇ ਜਾਂ ਸੁਣਦੇ ਹਨ ਜੋ ਉਨਾਂ ਦੀ ਸੋਚ ਤੇ ਸਹੂਲੀਅਤ ਅਨੁਸਾਰ ਹੋਵੇ।ਜੇਕਰ ਭਾਰਤ ਦਾ ਹਰ ਨਾਗਰਿਕ ਜਾਗਰੂਕ ਤੇ ਸੰਜੀਦਾ ਹੁੰਦਾ ਤਾਂ ਪਰਿਵਾਰਵਾਦ ਤੇ ਪਰੰਪਰਾਵਾਦ,ਅਸਲੀ ਤੇ ਗੁੰਮਰਾਹਕੁੰਨ ਤਕਰੀਰਾਂ ਵਿਚਲਾ ਫ਼ਰਕ ਸਮਝਦੇ।ਚਾਚੇ-ਭਤੀਜੇ ਦੀ ਥਾਂ ਤੇ ਨਵੇਂ,ਜਾਗਰੂਕ,ਊਰਜਾਵਾਨ,ਪੜੇ ਲਿਖੇ,ਦੇਸ਼ ਹਿੱਤ ਤੇ ਅਗਾਂਹਵਧੂ ਸੋਚ ਵਾਲਿਆਂ ਨੂੰ ਨੇਤਾ ਚੁਣਦਾ।
ਵੱਲੋਂ -ਹਰਪ੍ਰੀਤ ਆਹਲੂਵਾਲੀਆ