ਵਿਸਾਖੀ ਮੌਕੇ ਸੰਗਤਾਂ ਨੂੰ ਪ੍ਰੇਸ਼ਾਨ ਨਾ ਕਰੇ ਪੁਲਿਸ, ਜਥੇਦਾਰ ਨੇ ਕੀਤੀ ਸਖਤ ਤਾੜਨਾ
ਸ੍ਰੀ ਅਨੰਦਪੁਰ ਸਾਹਿਬ 13 ਅਪ੍ਰੈਲ (ਸਤਿੰਦਰ ਪਾਲ ਸਿੰਘ)
ਖਾਲਸੇ ਦੀ ਪਾਵਨ ਧਰਤੀ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਭਾਇਮਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਹੋਰ ਗੁਰੂ ਘਰਾਂ ਵਿਖੇ ਆਉਣ ਵਾਲੀਆਂ ਸੰਗਤਾਂ ਨੂੰ ਪੁਲੀਸ ਪਰੇਸ਼ਾਨ ਨਾ ਕਰੇ। ਅਸੀਂ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਇਹ ਤਾੜਨਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਉਨ੍ਹਾਂ ਪੁਲੀਸ ਮੁਲਾਜ਼ਮਾਂ ਨੂੰ ਕੀਤੀ ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਆ ਰਹੀਆਂ ਸੰਗਤਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਇਸ ਸਬੰਧੀ ਸਿੰਘ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਦੇ ਨੋਟਿਸ ਵਿੱਚ ਇਹ ਗੱਲ ਆਈ ਸੀ ਕਿ ਪਿੰਡ ਬੱਢਲ ਦੇ ਲਾਗੇ ਲਗਾਏ ਗਏ ਨਾਕੇ ਦੌਰਾਨ ਪੁਲਿਸ ਮੁਲਾਜਮ ਸਿੱਖ ਨੌਜਵਾਨਾਂ ਦੇ ਮੂੰਹ ਤੋਂ ਰੁਮਾਲਾ ਹਟਾ ਕੇ ਦੇਖਣ ਦੀ ਜ਼ਿੱਦ ਕਰ ਰਹੇ ਹਨ, ਸਕੂਟਰਾਂ ਮੋਟਰਸਾਈਕਲਾਂ,ਗੱਡੀਆਂਂ ਆਦਿ ਦੀ ਚੈਕਿੰਗ ਦੇ ਨਾਮ ਤੇ ਸੰਗਤਾਂ ਨੂੰ ਬੇ ਹਦ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਖਾਸ ਕਰ ਦਸਤਾਰਾਂ ਵਾਲੇ ਗੁਰਸਿੱਖਾਂ ਨੂੰ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਦੀ ਗੱਲ ਸਾਹਮਣੇ ਆਈ ਹੈ। ਸਿੰਘ ਸਾਹਿਬ ਨੇ ਕਿਹਾ ਕਿ ਵਿਸਾਖੀ ਕਰਕੇ ਸੰਗਤਾਂ ਗੁਰੂ ਨਗਰੀ ਵਿਖੇ ਕਾਫਲਿਆਂ ਦੇ ਰੂਪ ਵਿੱਚ ਆ ਰਹੀਆਂ ਹਨ ਪਰ ਅਫਸੋਸ ਪੁਲੀਸ ਅਧਿਕਾਰੀ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਹਨ।
ਸਿੰਘ ਸਾਹਿਬ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਕੋਲ ਬੁਲਾ ਕੇ ਸਖਤੀ ਨਾਲ ਇਹ ਗੱਲ ਕਹੀ ਕਿ ਸੰਗਤਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਹੀਂ ਹੋਣੀ ਚਾਹੀਦੀ । ਜੇਕਰ ਪੁਲੀਸ ਮੁਲਾਜ਼ਮ ਇਸੇ ਤਰਾਂ ਕਰਦੇ ਰਹੇ ਤਾਂ ਸਾਨੂੰ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਵੇਗਾ। ਸਿੰਘ ਸਾਹਿਬ ਨੇ ਦੱਸਿਆ ਕਿ ਪੁਲੀਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਕਿ ਅੱਗੇ ਤੋਂ ਕਿਸੇ ਵੀ ਕਿਸਮ ਦੀ ਸ਼ਿਕਾਇਤ ਨਹੀਂ ਆਵੇਗੀ।