11 ਅਪ੍ਰੈਲ ਨੂੰ ਰੋਸ ਮੁਜਾਹਰੇ ਦੌਰਾਨ ਕਿਸਾਨ ਚੰਡੀਗੜ੍ਹ ਵੱਲ ਕਰਨਗੇ ਮਾਰਚ -ਪਰਮ ਬੈਦਵਾਨ
ਰਾਜੇਵਾਲ ਨੇ ਖੁਦ ਮੌਕੇ ਤੇ ਜਾਇਜਾ ਲਿਆ
ਮੋਹਾਲੀ 10 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) 11 ਅਪ੍ਰੈਲ ਨੂੰ ਪੰਜਾਬ ਦੇ ਕਿਸਾਨਾਂ ਵੱਲੋਂ ਸਰਕਾਰ ਦੇ ਫਸਲਾਂ ਦੇ ਖਰਾਬੇ ਦੀ ਗਿਰਦਾਵਰੀ ਲਈ ਕੀਤੇ ਜਾ ਰਹੇ ਕੂੜ ਪ੍ਰਚਾਰ ਵਿਰੁੱਧ ਹੋਣ ਵਾਲੀ ਰੈਲੀ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਗੁਰਦੁਆਰਾ ਸ੍ਰੀ ਅੰਬ ਸਾਹਿਬ ਸਾਹਮਣੇ ਸਟੇਜ ਲਾਉਣ ਲਈ ਸ. ਬਲਬੀਰ ਸਿੰਘ ਰਾਜੇਵਾਲ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਨੇ ਖੁਦ ਮੌਕੇ ਤੇ ਜਾ ਕੇ ਜਗ੍ਹਾ ਦਾ ਮੁਆਇੰਨਾ ਕੀਤਾ। ਉਨ੍ਹਾਂ ਦੇ ਨਾਲ ਸ. ਕ੍ਰਿਪਾਲ ਸਿੰਘ ਪ੍ਰਧਾਨ ਜ਼ਿਲ੍ਹਾ ਮੋਹਾਲੀ , ਸ. ਪਰਮਦੀਪ ਸਿੰਘ ਬੈਦਵਾਣ ਜਨਰਲ ਸਕੱਤਰ ਅਤੇ ਕੁਝ ਹੋਰ ਆਗੂ ਹਾਜ਼ਰ ਸਨ। ਇਸ ਮੌਕੇ ਸ. ਰਾਜੇਵਾਲ ਨੇ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਕਿਸਾਨਾਂ ਨੂੰ ਮੁਆਵਜਾ ਦੇਣ ਲਈ 10 ਅਪ੍ਰੈਲ ਤੱਕ ਗਿਰਦਾਵਰੀਆਂ ਮੁਕੰਮਲ ਕਰਨ ਦੇ ਦਾਅਵੇ ਕਰ ਰਹੀ ਹੈ। ਅਸਲੀਅਤ ਇਹ ਹੈ ਕਿ ਸਰਕਾਰ ਕੋਲ ਨਾ ਤਾਂ ਪੂਰੇ ਪਟਵਾਰੀ ਹਨ ਅਤੇ ਨਾ ਹੀ ਖੇਤੀ ਵਿਕਾਸ ਅਫਸਰ। ਜੋ ਥੋੜੇ ਬਹੁਤ ਹਨ, ਉਹ ਸਰਕਾਰ ਦੀਆਂ ਜੁਬਾਨੀ ਦਿੱਤੀਆਂ ਹਦਾਇਤਾਂ ਅਨੁਸਾਰ ਆਪਣੇ ਦਫਤਰਾਂ ਵਿੱਚ ਬੈਠ ਕੇ ਗਿਰਦਾਵਰੀਆਂ ਕਰ ਰਹੇ ਹਨ ਅਤੇ ਕਿਸੇ ਵੀ ਕਿਸਾਨ ਦਾ ਨੁਕਸਾਨ 25 ਪ੍ਰਤੀਸ਼ਤ ਤੋਂ ਵੱਧ ਨਹੀਂ ਦਿਖਾਇਆ ਜਾ ਰਿਹਾ। ਸ. ਰਾਜੇਵਾਲ ਨੇ ਕਿਹਾ ਕਿ ਮਾਨ ਸਰਕਾਰ ਨੇ ਦਹਾਕੇ ਪੁਰਾਣੇ ਮੁਆਵਜੇ ਲਈ ਬਣੀਆਂ ਚਾਰ ਸਲੈਬਾਂ ਘਟਾ ਕੇ ਤਿੰਨ ਕਰ ਦਿੱਤੀਆਂ ਹਨ ਅਤੇ ਜਿੱਥੇ ਪਹਿਲਾਂ 25 ਪ੍ਰਤੀਸ਼ਤ ਤੱਕ ਕੋਈ ਮੁਆਵਜਾ ਨਹੀਂ ਸੀ ਹੁੰਦਾ ਹੁਣ 33 ਪ੍ਰਤੀਸ਼ਤ ਕਿਸਾਨਾਂ ਨੂੰ ਕੁਝ ਵੀ ਨਹੀਂ ਮਿਲੇਗਾ। ਕੁਝ ਸਰਕਾਰੀ ਚਹੇਤਿਆਂ ਤੋਂ ਬਿਨਾਂ ਕਿਸੇ ਨੂੰ ਵੀ ਕੁਝ ਪੱਲੇ ਪੈਣ ਦੀ ਉਮੀਦ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਜੇਕਰ ਮੁੱਖ ਮੰਤਰੀ ਨੇ ਮੈਮੋਰੰਡਮ ਨਾ ਲਿਆ ਤਾਂ ਉਹ ਚੰਡੀਗੜ੍ਹ ਵੱਲ ਮਾਰਚ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮੂਰਖ ਬਣਾ ਰਹੀ ਹੈ, ਇਸ ਲਈ ਉਨ੍ਹਾਂ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ 11 ਵਜੇ ਤੱਕ ਗੁੁਰਦੁਆਰਾ ਸ੍ਰੀ ਅੰਬ ਸਾਹਿਬ ਸਾਹਮਣੇ ਇਕੱਠੇ ਹੋਇਆ ਜਾਵੇ।