ਚੰਡੀਗੜ੍ਹ:- ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ (Ashwini Sharma) ਨੇ ਅਸਤੀਫ਼ੇ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਪ੍ਰਧਾਨ ਅਸ਼ਵਨੀ ਸ਼ਰਮਾ ਨੇ ਟਵੀਟ ਕਰਦਿਆਂ ਕਿਹਾ ਕਿ ਭਾਜਪਾ ਵਿਚ ਅਸਤੀਫ਼ੇ ਦੀ ਕੋਈ ਪਰੰਪਰਾ ਨਹੀਂ ਹੈ।ਅਸ਼ਵਨੀ ਸ਼ਰਮਾ ਟਵੀਟ ਕੀਤਾ, “ਮੀਡੀਆ ਵਿਚ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਮੈਂ ਭਾਜਪਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਹੈ, ਮੈਂ ਅਜਿਹੀਆਂ ਅਫ਼ਵਾਹਾਂ ਦਾ ਖੰਡਨ ਕਰਦਾ ਹਾਂ। ਆਪ ਸੱਭ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਭਾਜਪਾ ਵਿਚ ਅਸਤੀਫ਼ੇ ਦੀ ਕੋਈ ਪਰੰਪਰਾ ਨਹੀਂ ਹੈ”।
ਅੱਜ ਸਵੇਰ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਤੋਂ ਬਾਅਦ ਸੁਨੀਲ ਜਾਖੜ (Sunil Jakhar) ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ। ਇਸ ਮਗਰੋਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ (Ashwini Sharma) ਨੇ ਪਾਰਟੀ ਦਫ਼ਤਰ ’ਚੋਂ ਅਪਣਾ ਸਾਮਾਨ ਵੀ ਚੁਕ ਲਿਆ ਸੀ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਸੀ ਕਿ ਮੈਂ ਤਾਂ ਇਹ ਟੀਵੀ ਵਿਚ ਦੇਖ ਰਿਹਾ ਹਾਂ। ਇਸ ਦਾ ਜਵਾਬ ਦਿੱਲੀ ਵਾਲੇ ਦੇਣਗੇ।