Peshawar, July 25,(Harpreet Singh Jassowal):- ਦੋ ਬੱਚਿਆਂ ਦੀ ਮਾਂ ਅੰਜੂ ਜੋ ਕਾਨੂੰਨੀ ਤੌਰ ’ਤੇ ਭਾਰਤ ਤੋਂ ਪਾਕਿਸਤਾਨ ਆਈ ਸੀ,ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਮੰਗਲਵਾਰ ਨੂੰ ਅਪਣੇ ਪਾਕਿਸਤਾਨੀ ਦੋਸਤ ਨਾਲ ਵਿਆਹ ਕਰਵਾ ਲਿਆ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ।ਅੰਜੂ (34) ਅਪਣੇ ਪਾਕਿਸਤਾਨੀ ਦੋਸਤ ਨਸਰੁੱਲਾ (29) ਦੇ ਘਰ ਰਹਿ ਰਹੀ ਹੈ।
ਉਹ 2019 ਵਿਚ ਫੇਸਬੁਕ ’ਤੇ ਦੋਸਤ ਬਣ ਗਏ। ਜੋੜੇ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਸਥਾਨਕ ਅਦਾਲਤ ’ਚ ਵਿਆਹ ਕਰਵਾ ਲਿਆ।ਅੱਪਰ ਦਿਰ ਜ਼ਿਲੇ ਦੇ ਮੋਹਰਰ ਸਿਟੀ ਥਾਣੇ (Mohrar City Police Station) ਦੇ ਇਕ ਸੀਨੀਅਰ ਅਧਿਕਾਰੀ ਮੁਹੰਮਦ ਵਹਾਬ ਨੇ ਦਸਿਆ, ‘‘ਨਸਰੁੱਲਾ ਅਤੇ ਅੰਜੂ ਦਾ ਵਿਆਹ ਅੱਜ ਹੋਇਆ ਅਤੇ ਉਨ੍ਹਾਂ ਦੇ ਇਸਲਾਮ ਕਬੂਲ ਕਰਨ ਤੋਂ ਬਾਅਦ ਵਿਆਹ ਹੋਇਆ।”
ਪੁਲਿਸ ਅਧਿਕਾਰੀ ਨੇ ਦਸਿਆ ਕਿ ਦੋਵੇਂ ਨਸਰੁੱਲਾ ਦੇ ਪਰਿਵਾਰਕ ਜੀਆਂ, ਪੁਲਿਸ ਮੁਲਾਜ਼ਮਾਂ ਅਤੇ ਵਕੀਲਾਂ ਦੀ ਮੌਜੂਦਗੀ ਵਿਚ ਦੀਰ ਬਾਲਾ ਦੀ ਜ਼ਿਲ੍ਹਾ ਅਦਾਲਤ ’ਚ ਪੇਸ਼ ਹੋਏ।ਅੰਜੂ ਭਾਰਤ ਤੋਂ ਵਾਹਗਾ-ਅਟਾਰੀ ਸਰਹੱਦ (Wagah-Attari Border) ਰਾਹੀਂ ਕਾਨੂੰਨੀ ਤੌਰ ’ਤੇ ਪਾਕਿਸਤਾਨ ਆਈ ਸੀ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਵਲੋਂ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ (Pakistan High Commission) ਨੂੰ ਭੇਜੇ ਗਏ ਅਧਿਕਾਰਤ ਦਸਤਾਵੇਜ਼ ਮੁਤਾਬਕ ਅੰਜੂ ਨੂੰ ਸਿਰਫ਼ ਅੱਪਰ ਦੀਰ ਜ਼ਿਲ੍ਹੇ ਲਈ 30 ਦਿਨਾਂ ਦਾ ਵੀਜ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ।
ਅੰਜੂ ਦੇ ਪਤੀ ਅਰਵਿੰਦ ਨੇ ਰਾਜਸਥਾਨ ਦੇ ਭਿਵੜੀ ’ਚ ਪੱਤਰਕਾਰਾਂ ਨੂੰ ਦਸਿਆ ਕਿ ਉਸ ਦੀ ਪਤਨੀ ਵੀਰਵਾਰ ਨੂੰ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਉਹ ਜੈਪੁਰ ਜਾ ਰਹੀ ਹੈ ਪਰ ਬਾਅਦ ’ਚ ਪਰਿਵਾਰ ਨੂੰ ਪਤਾ ਲੱਗਾ ਕਿ ਉਹ ਪਾਕਿਸਤਾਨ ’ਚ ਹੈ। ਉਸ ਨੇ ਉਮੀਦ ਪ੍ਰਗਟਾਈ ਕਿ ਅੰਜੂ ਜਲਦੀ ਘਰ ਪਰਤ ਆਵੇਗੀ।