ਚੰਡੀਗੜ੍ਹ, 03 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹੜ੍ਹ ਪੀੜਤ ਕਿਸਾਨਾਂ ਲਈ ਸਿਰਫ 6800 ਸੌ ਰੁਪਿਆ ਪ੍ਰਤੀ ਏਕੜ ਮੁਆਵਜਾ ਐਲਾਨ ਕਰਕੇ ਕਿਸਾਨ ਦੇ ਜ਼ਖਮਾਂ ਤੇ ਲੂਣ ਛਿੜਕਣ ਦਾ ਕੰਮ ਹੀ ਕੀਤਾ ਹੈ ਇਹ ਮੁਆਵਜ਼ਾ ਨਾਂ ਮਾਤਰ,ਨਿਗੂਣਾ ਹੈ ਇਸ ਨਾਲ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਨਹੀ ਹੋ ਸਕਦੀ ਕਿਉਂਕਿ ਕਿਸਾਨਾਂ ਦੇ ਝੋਨੇ ਦੀ ਫਸਲ ਦੋ ਵਾਰੀ ਮਰ ਚੁੱਕੀ ਹੈ।
ਅਤੇ ਹੜ੍ਹਾਂ ਦੇ ਪਾਣੀ ਨੇ ਕਿਸਾਨਾਂ ਦੇ ਖੇਤਾਂ ਇਸ ਕਦਰ ਤਬਾਹੀ ਮਚਾਈ ਹੈ ਅਤੇ ਖੇਤਾਂ ਵਿੱਚ ਐਨਾ ਪਾਣੀ ਆ ਗਿਆ ਹੈ ਕਿ ਕਿਸਾਨਾ ਲਈ ਕਣਕ ਦੀ ਫਸਲ ਬੀਜਣ ਦੀ ਉਮੀਦ ਵੀ ਖ਼ਤਮ ਹੋ ਗਈ ਹੈ ਅਤੇ ਹੜਾਂ ਦਾ ਪਾਣੀ ਕਿਸਾਨਾਂ ਦੀਆਂ ਫਸਲਾਂ ਅਤੇ ਖੇਤਾਂ ਵਿੱਚ ਤਬਾਹੀ ਮਚਾਉਂਦਾ ਹੋਇਆ ਖੇਤਾਂ ਵਿੱਚੋਂ ਪਾਣੀ ਦਾ ਤੇਜ ਵਹਾ ਕਿਸੇ ਥਾਂ ਤੋਂ ਚਾਰ ਚਾਰ ਫੁੱਟ ਮਿੱਟੀ ਪੁੱਟ ਕੇ ਲੈ ਗਿਆ ਅਤੇ ਕਿਸੇ ਥਾਂ ਉੱਪਰ ਪਾਣੀ ਨੇ ਚਾਰ ਚਾਰ ਫੁੱਟ ਮਿੱਟੀ ਚਾੜ੍ਹ ਦਿੱਤੀ ਹੈ ਜਿਸ ਕਾਰਨ ਇੰਨਾ ਹੜ੍ਹਾਂ ਦੀ ਮਾਰ ਝੱਲਦਾ ਹੋਇਆ ਪਹਿਲਾਂ ਹੀ ਆਰਥਿਕ ਪੱਖ ਤੋਂ ਟੁਟਿਆ ਹੋਇਆ ਕਿਸਾਨ ਕਈ ਸਾਲ ਇਹਨਾ ਜ਼ਮੀਨਾਂ ਨੂੰ ਠੀਕ ਕਰਕੇ ਵਾਹੀ ਯੋਗ ਨਹੀਂ ਬਣਾ ਸਕਦਾ।
ਇਸ ਲਈ ਸਰਕਾਰ ਵੱਲੋਂ ਇਹ 6800 ਰੁਪਏ ਪ੍ਰਤੀ ਏਕੜ ਆਰਥਿਕ ਮਦਦ ਦੇ ਤੌਰ ਦੇ ਦਿੱਤੀ ਜਾਣ ਵਾਲੀ ਰਾਸ਼ੀ ਦਾ ਸਰਕਾਰ ਵੱਲੋ ਜੋ ਐਲਾਨ ਕੀਤਾ ਗਿਆ ਹੈ ਇਹ ਕਿਸਾਨਾਂ ਨਾਲ ਸਰਕਾਰ ਵੱਲੋਂ ਇੱਕ ਤਰ੍ਹਾਂ ਦਾ ਕੋਝਾ ਮਜ਼ਾਕ ਕੀਤਾ ਗਿਆ ਹੈ। ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਇਮਾਨਦਾਰੀ ਨਾਲ ਆਪਣੇ ਕੀਤੇ ਹੋਏ ਵਾਅਦੇ ਮੁਤਾਬਿਕ ਜਿਸ ਤਰ੍ਹਾਂ ਸਾਡੇ ਮਾਣਯੋਗ ਮੁੱਖ ਮੰਤਰੀ ਜੀ ਜਿਸ ਤਰਾਂ ਕਹਿੰਦੇ ਸੀ ਕਿ ਸਾਡੇ ਕੋਲ ਕੁਦਰਤੀ ਆਫਤਾਂ ਸਮੇਂ ਦੇਣ ਲਈ ਖ਼ਜ਼ਾਨਾ ਭਰਿਆ ਪਿਆ ਹੈ।
ਅਤੇ ਪੰਜਾਬ ਸਰਕਾਰ ਨੂੰ ਕੁਦਰਤੀ ਆਫ਼ਤਾਂ ਸਮੇਂ ਕੇਂਦਰ ਸਰਕਾਰ ਤੋਂ ਮੁਆਵਜ਼ਾ ਰਾਸ਼ੀ ਮੰਗਣ ਦੀ ਜ਼ਰੂਰ ਨਹੀਂ ਹੈ ਇਸ ਲਈ ਪੰਜਾਬ ਸਰਕਾਰ ਨੂੰ ਖੁੱਲ੍ਹੇ ਦਿਲ ਨਾਲ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਇੱਕ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਜਮੀਨ ਦੇ ਹਿਸਾਬ ਨਾਲ ਦੇਣਾ ਚਾਹੀਦਾ ਹੈ ਅਤੇ ਮਕਾਨ ਢਹੇ ਦਾ ਪੰਜ ਲੱਖ ਰੁਪਿਆ ਅਤੇ ਪਸ਼ੂ ਧਨ ਦੇ ਹੋਏ ਨੁਕਸਾਨ ਦਾ ਪ੍ਰਤੀ ਪਸ਼ੂ 50 ਹਜ਼ਾਰ ਰੁਪਏ ਮੁਆਵਜ਼ਾ ਦੇਵੇ ਤਾਂ ਜੋ ਪਹਿਲਾਂ ਹੀ ਲੰਮੇ ਸਮੇਂ ਤੋਂ ਮਾਰਾਂ ਝੱਲਦਾ ਆ ਰਿਹਾ ਕਿਸਾਨ ਆਪਣੇ ਪੈਰਾਂ ਤੇ ਖੜਾ ਹੋ ਸਕੇ।