ਮਾਲੇਰਕੋਟਲਾ,27 ਅਕਤੂਬਰ (ਹਰਪ੍ਰੀਤ ਸਿੰਘ ਜੱਸੋਵਾਲ):- ਸਿੱਖ ਪੰਥ ਦੇ ਦਸਵੇਂ ਗੁਰੂ ਸ੍ਰੀ ਗੋਬਿੰਦ ਸਿੰਘ ਜੀ (Tenth Guru Sri Gobind Singh Ji) ਦੇ ਛੋਟੇ ਸਾਹਿਬਜ਼ਾਦੀਆਂ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਸਰਹਿੰਦ ਦੇ ਨਵਾਬ ਵਜ਼ੀਰ ਖਾਨ ਵੱਲੋਂ ਕੰਧਾਂ ‘ਚ ਜਿਊਂਦੇ ਚਿਣਵਾ ਦੇਣ ਦਾ ਵਿਰੋਧ ਕਰਨ ਵਾਲੇ ਮਾਲੇਰਕੋਟਲਾ (Malerkotla) ਦੇ ਨਵਾਬ ਸ਼ੇਰ ਮੁਹੰਮਦ ਖਾਨ ਦਾ ਵੰਸ ਖ਼ਤਮ ਹੋ ਗਿਆ,ਇਸ ਵੰਸ ਦੀ 8ਵੀਂ ਪੀੜ੍ਹੀ ਦੀ ਇਕਲੌਤੀ ਬੇਗਮ ਮੁਨੱਵਰ-ਉਲ-ਨਿਸਾ ਦੁਨੀਆ ਨੂੰ ਅਲਿਦਾ ਕਹਿ ਗਏ।
ਉਨ੍ਹਾਂ ਨੇ 102 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ,ਬੇਗਮ ਨੂੰ ਮਲੇਰਕੋਟਲਾ (Malerkotla) ਦੇ ਹਜ਼ਰਤ ਹਲੀਮਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਕਿਉਂਕਿ ਉਹ ਕਈ ਦਿਨਾਂ ਤੋਂ ਬਿਮਾਰ ਸਨ,ਉਥੇ ਵੀ ਉਨ੍ਹਾਂ ਦੀ ਸਿਹਤ ‘ਚ ਸੁਧਾਰ ਨਾ ਹੋਣ ‘ਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਆਖਰੀ ਸਾਹ ਲਿਆ,ਬੇਗਮ ਦੇ ਦਿਹਾਂਤ ਤੋਂ ਬਾਅਦ ਪੰਜਾਬ ਭਰ ਤੋਂ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਉਨ੍ਹਾਂ ਦੇ ਅੰਤਿਮ ਸੰਸਕਾਰ ਅਤੇ ਸ਼ਰਧਾਂਜਲੀ ਦੇਣ ਲਈ ਪੁੱਜੇ,ਬੇਗਮ ਨੂੰ ਸਪੁਰਦ-ਏ-ਖ਼ਾਕ ਕਰ ਦਿੱਤਾ ਗਿਆ।
ਨਵਾਬ ਅਹਿਮਦ ਅਲੀ ਖਾਨ ਦਾ ਜਨਮ 1881 ਵਿੱਚ ਹੋਇਆ ਸੀ,1908 ਵਿੱਚ ਉਸ ਨੂੰ ਰਿਆਸਤ ਦੇ ਸ਼ਾਸਕ ਵਜੋਂ ਪੂਰੀਆਂ ਸ਼ਕਤੀਆਂ ਪ੍ਰਾਪਤ ਹੋਈਆਂ,ਅਕਤੂਬਰ 1947 ਵਿੱਚ ਨਵਾਬ ਅਹਿਮਦ ਅਲੀ ਦੀ ਮੌਤ ਹੋ ਗਈ,ਉਨ੍ਹਾਂ ਦੇ ਤਿੰਨ ਬੱਚੇ ਸਨ,ਇਸ ਰਿਆਸਤ ਦੀ ਆਖਰੀ ਬੇਗਮ ਮੁਨੱਵਰ ਉਲ ਨਿਸਾ ਸੀ,ਉਨ੍ਹਾਂ ਦੇ ਪਤੀ ਇਖ਼ਤਿਆਰ ਅਲੀ ਖਾਨ,ਮਾਲੇਰਕੋਟਲਾ ਦੇ ਆਖਰੀ ਨਵਾਬ,1982 ਵਿੱਚ ਅਕਾਲ ਚਲਾਣਾ ਕਰ ਗਏ ਸਨ,ਉਨ੍ਹਾਂ ਦਾ ਕੋਈ ਬੱਚਾ ਨਹੀਂ ਸੀ,ਉਨ੍ਹਾਂ ਦਾ ਵੰਸ ਇੱਥੋਂ ਤੱਕ ਹੀ ਸੀ।
ਸਿੱਖ ਇਤਿਹਾਸ ਵਿੱਚ ਇਸ ਖ਼ਾਨਦਾਨ ਦਾ ਵਿਸ਼ੇਸ਼ ਮਹੱਤਵ ਹੈ,ਕਿਉਂਕਿ ਜਿਸ ਸਮੇਂ ਸਰਹਿੰਦ ਦਾ ਨਵਾਬ ਵਜ਼ੀਰ ਖ਼ਾਨ ਸਿੱਖ ਕੌਮ ‘ਤੇ ਜ਼ੁਲਮ ਕਰ ਰਿਹਾ ਸੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ (Tenth Guru Sri Gobind Singh Ji) ਦੇ ਛੋਟੇ ਸਾਹਿਬਜ਼ਾਦਿਆਂ ਨੂੰ ਜਿੰਦਾ ਕੰਧਾਂ ‘ਚ ਚਿਣਵਾਉਣ ਦਾ ਫ਼ੈਸਲਾ ਕੀਤਾ ਸੀ,ਉਸ ਸਮੇਂ ਮਾਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਨੇ ਬੜੀ ਦਲੇਰੀ ਨਾਲ ਇਸ ਦਾ ਵਿਰੋਧ ਕੀਤਾ ਸੀ,ਛੋਟੇ ਸਾਹਿਬਜ਼ਾਦਿਆਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਦਿੱਤਾ ਗਿਆ।