ਗੜੇਮਾਰੀ ਤੇ ਮੀਂਹ ਕਾਰਣ ਕਣਕਾਂ ਦੇ ਹੋਏ ਭਾਰੀ ਨੁਕਸਾਨ ਨਾਲ ਕਿਸਾਨਾਂ ਦੇ ਨਾਲ ਆਮ ਲੋਕਾਂ ਤੇ ਵੀ ਭਾਰੀ ਬੋਝ ਪਵੇਗਾ – ਕੁਲਜੀਤ ਸਿੰਘ ਬੇਦੀ
ਮੰਡੀਆਂ ਵਿਚ ਵਿਕਣ ਵਾਲੀ ਫ਼ਸਲ ਦੀਆਂ ਸ਼ਰਤਾਂ ਵਿਚ ਛੋਟ ਦੀ ਵੀ ਕੀਤੀ ਮੰਗ
ਮੋਹਾਲੀ 3 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ )
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੂਰੇ ਪੰਜਾਬ ਚ ਹੋਈ ਇਸ ਗੜੇਮਾਰੀ ਤੇ ਭਾਰੀ ਮੀਂਹ ਨਾਲ ਜਿਥੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਉਥੇ ਹੀ ਆਮ ਲੋਕਾਂ ਉੱਪਰ ਇਸ ਦਾ ਬੋਝ ਵੀ ਪਵੇਗਾ ਕਿਉਂਕਿ ਜਦੋਂ ਮੰਡੀਆਂ ਚ ਕਣਕ ਘਟ ਆਏਗੀ ਤਾਂ ਕਣਕ ਅਤੇ ਆਟੇ ਦੇ ਰਿਟੇਲ ਅਤੇ ਥੋਕ ਦੇ ਭਾਅ ਵੀ ਵੱਧਣਗੇ ਇਸ ਦੇ ਨਾਲ ਹੀ ਕੁਲਜੀਤ ਸਿੰਘ ਬੇਦੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਪਿਛਲੇ ਦਿਨੀਂ ਤੇ ਬੀਤੀ ਰਾਤ ਆਈ ਭਾਰੀ ਹਨੇਰੀ, ਭਾਰੀ ਬਰਸਾਤ ਤੇ ਓਲਿਆਂ ਕਾਰਨ ਕਣਕ ਦੀ ਫ਼ਸਲ ਨੂੰ ਹੋਏ ਭਾਰੀ ਨੁਕਸਾਨ ਨੂੰ ਦੇਖਦੇ ਹੋਏ ਕਿਸਾਨਾਂ ਨੋ ਯੋਗ ਮੁਆਵਜਾ ਦਿੱਤਾ ਜਾਵੇ। ਇਸਦੇ ਨਾਲ ਨਾਲ ਕੁਲਜੀਤ ਸਿੰਘ ਬੇਦੀ ਨੇ ਇਹ ਵੀ ਮੰਗ ਕੀਤੀ ਹੈ ਕਿ ਮੰਡੀਆਂ ਵਿਚ ਵਿਕਣ ਵਾਲੀ ਕਣਕ ਦੀ ਖਰੀਦ ਸੰਬੰਧੀ ਵੀ ਸ਼ਰਤਾਂ ਵਿਚ ਛੋਟ ਦਿੱਤੀ ਜਾਵੇ। ਇਸਦੇ ਨਾਲ ਨਾਲ ਉਹਨਾਂ ਨੇ ਕਣਕ ਦੀ ਫ਼ਸਲ ਉੱਤੇ ਘੱਟੋ ਗਾਹਤ 500 ਰੁਪਏ ਪ੍ਰਤੀ ਕਵਿੰਟਲ ਬੋਨਸ ਦੇਣ ਦੀ ਮੰਗ ਵੀ ਕੀਤੀ ਹੈ।
ਕੁਲਜੀਤ ਸਿੰਘ ਬੇਦੀ ਨੇ ਆਪਣੇ ਪੱਤਰ ਵਿਚ ਖੇਤੀਬਾੜੀ ਮੰਤਰੀ ਤੋਂ ਮੰਗ ਕੀਤੀ ਕੇ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਹਰ ਕਿਸਾਨ ਨੂੰ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਘੱਟੋ ਘੱਟ 50 ਹਜ਼ਾਰ ਰੁਪਏ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਆਵਜ਼ੇ ਦੀ ਘੱਟ ਰਾਸ਼ੀ ਐਲਾਨ ਕਰ ਕੇ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ ਜਾ ਰਿਹਾ ਕਿਉਂਕਿ ਜਿਹੜੇ ਕਿਸਾਨਾਂ ਨੇ ਜ਼ਮੀਨ ਠੇਕੇ ‘ਤੇ ਲੈ ਕੇ ਫਸਲ ਬੀਜੀ ਸੀ, ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ ਇਹ ਘਾਟਾ ਕਿਸੇ ਵੀ ਸੂਰਤ ਵਿਚ ਸਰਕਾਰ ਵੱਲੋਂ ਐਲਾਨ ਕੀਤੀ ਰਾਸ਼ੀ ਨਾਲ ਪੂਰਾ ਨਹੀਂ ਹੋ ਸਕਦਾ। ਇਸ ਲਈ ਕਿਸਾਨਾਂ ਦੇ ਦਰਦ ਨੂੰ ਸਮਝਦੇ ਹੋਏ ਐਲਾਨ ਕੀਤੀ ਰਾਸ਼ੀ ਵਿਚ ਕੇਂਦਰ ਸਰਕਾਰ ਵਾਧਾ ਕਰੇ ਤਾਂ ਜੋ ਪੀੜਤ ਕਿਸਾਨਾਂ ਨੂੰ ਰਾਹਤ ਮਿਲ ਸਕੇ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਕਣਕ ਦੀ ਫਸਲ ਦਾ ਝਾੜ ਕਰੀਬ 8 ਤੋਂ 10 ਮਣ ਪ੍ਰਤੀ ਏਕੜ ਘਟ ਗਿਆ ਹੈ ਤੇ ਸਰ੍ਹੋਂ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਨੁਕਸਾਨ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਕਿਸਾਨ ਤਾਂ ਪਹਿਲਾਂ ਹੀ ਆਰਥਿਕ ਤੰਗੀ ਦਾ ਸ਼ਿਕਾਰ ਹੈ ਉਤੋਂ ਮਹਿੰਗੇ ਭਾਅ ‘ਤੇ ਠੇਕੇ ਤੇ ਜਮੀਨ ਲੈ ਕੇ ਫਸਲ ਬੀਜਣ ਵਾਲਿਆਂ ਨੂੰ ਹੋਰ ਵੀ ਨੁਕਸਾਨ ਉਠਾਉਣਾ ਪੈ ਰਿਹਾ ਹੈ।
ਉਹਨਾਂ ਇਹ ਵੀ ਮੰਗ ਕੀਤੀ ਕਿ ਕੇਂਦਰੀ ਏਜੇਂਸੀਆਂ ਵਲੋਂ ਜੋ ਕਣਕ ਖਰੀਦ ਕੀਤੀ ਜਾਣੀ ਹੈ ਉਸ ਵਿਚ ਕਾਲੇ ਦਾਣੇ ਜਾਂ ਛੋਟੇ ਦਾਣੇ ਦੀ ਸ਼ਰਤਾਂ ਖਤਮ ਕੀਤੀ ਜਾਵੇ ਤਾਂ ਜੋ ਮੰਡੀਆਂ ਵਿਚ ਫ਼ਸਲ ਵੇਚਣ ਵਾਲੇ ਕਿਸਾਨ ਨਾ ਰੁਲਣ। ਉਹਨਾਂ ਕਿਹਾ ਕਿ ਪੰਜਾਬ ਦਾ ਕਿਸਾਨ ਦੇਸ਼ ਦਾ ਅੰਨਦਾਤਾ ਹੈ ਤੇ ਉਸਨੂੰ ਕਿਸੇ ਵੀ ਹਾਲਤ ਵਿਚ ਰੁਲਣ ਤੋਂ ਬਚਾਉਣਾ ਸਰਕਾਰਾਂ ਦਾ ਫਰਜ਼ ਹੈ।
ਉਹਨਾਂ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਕਿ ਕੇਂਦਰ ਸਰਕਾਰ ਨਾਲ ਇਸ ਮਾਮਲੇ ਵਿਚ ਤਾਲਮੇਲ ਕਰਦਿਆਂ ਕਿਸਾਨਾਂ ਦੀ ਫਸਲ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਲਈ ਸਬੰਧਿਤ ਵਿਭਾਗ ਤੋਂ ਪੜਤਾਲ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਵੇ ਤਾਂ ਜੋ ਕਿਸਾਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਣ ਤੋਂ ਬਚ ਸਕਣ।