ਦੇਸ਼ ਨੂੰ ਮਾਣ ਦਿਵਾਉਣ ਵਾਲੀਆਂ ਮਹਿਲਾ ਰੈਸਲਰਾਂ ਦਾ ਦੇਸ਼ ਦੀ ਰਾਜਧਾਨੀ ਦੀ ਪੁਲਿਸ ਹੀ ਮਾਣ ਸਤਿਕਾਰ ਖਤਮ ਕਰਨ ਚ ਲਗੀ – ਕੁਲਜੀਤ ਬੇਦੀ
ਦੇਸ਼ ਦੀਆਂ ਬੇਟੀਆਂ ਖਿਲਾਫ ਧੱਕਾਸਹੀ ਕਰਨ ਵਾਲੇ ਦਿੱਲੀ ਪੁਲਿਸ ਦੇ ਜ਼ਿੰਮੇਵਾਰ ਅਧਿਕਾਰੀਆਂ ਅਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ
ਮੋਹਾਲੀ 4 ਅਪ੍ਰੈਲ ( ਹਰਪ੍ਰੀਤ ਸਿੰਘ ਜੱਸੋਵਾਲ ) ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦਿੱਲੀ ਪੁਲੀਸ ਵੱਲੋਂ ਪਹਿਲਵਾਨਾਂ ਨਾਲ ਕੀਤੇ ਗਏ ਦੁਰਵਿਵਹਾਰ ਅਤੇ ਖਿੱਚ-ਧੂਹ ਦੀ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਖਾਸ ਤੌਰ ਤੇ ਦੇਸ਼ ਦੀਆਂ ਬੇਟੀਆਂ, ਮਹਿਲਾ ਪਹਿਲਵਾਨਾਂ ਨਾਲ ਜੋ ਵਿਵਹਾਰ ਦਿੱਲੀ ਪੁਲਿਸ ਨੇ ਕੀਤਾ ਹੈ ਅਤੇ ਹਨ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਖਿੱਚ ਧੂਹ ਕੀਤੀ ਗਈ ਹੈ ਉਹ ਨਾਕਾਬਲੇ ਬਰਦਾਸ਼ਤ ਹੈ।
ਇਥੇ ਜਾਰੀ ਇਕ ਬਿਆਨ ਵਿਚ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਬਰਸਾਤ ਪੈਣ ਤੋਂ ਬਾਅਦ ਪਹਿਲਵਾਨਾਂ ਦੇ ਗੱਦੇ ਬਿਸਤਰੇ ਬੁਰੀ ਤਰ੍ਹਾਂ ਗਿੱਲੇ ਹੋ ਗਏ ਪਰ ਪਹਿਲਵਾਨਾਂ ਨੂੰ ਫੋਲਡਿੰਗ ਬੈੱਡ ਅੰਦਰ ਨਹੀਂ ਲਿਜਾਣ ਦਿੱਤੇ ਗਏ। ਉਨ੍ਹਾਂ ਕਿਹਾ ਕਿ ਉਲਟਾ ਦਿੱਲੀ ਪੁਲਿਸ ਨੇ ਪਹਿਲਵਾਨਾਂ ਅਤੇ ਖਾਸ ਤੌਰ ਤੇ ਮਹਿਲਾ ਪਹਿਲਵਾਨਾਂ ਨਾਲ ਵੀ ਖਿੱਚ ਧੂਹ ਕੀਤੀ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਹ ਪਹਿਲਵਾਨ ਲਗਾਤਾਰ ਧਰਨੇ ਤੇ ਬੈਠੇ ਹਨ ਅਤੇ ਜਿਸ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ ਗੰਭੀਰ ਦੋਸ਼ ਲਗਾਇਆ ਜਾ ਰਿਹਾ ਹੈ ਉਸ ਦੇ ਖਿਲਾਫ ਵੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ ਦਿੱਲੀ ਪੁਲਿਸ ਐਫ ਆਈ ਆਰ ਦਰਜ ਕਰਦੀ ਹੈ। ਉਨ੍ਹਾਂ ਕਿਹਾ ਕਿ ਏਥੇ ਹੀ ਬਸ ਨਹੀਂ ਦਿੱਲੀ ਪੁਲਿਸ ਨੇ ਹਾਲੇ ਤੱਕ ਨਾ ਤਾਂ ਕੋਈ ਨੂੰ ਪੁੱਛਗਿੱਛ ਲਈ ਉਸਦੀ ਗ੍ਰਿਫਤਾਰੀ ਕੀਤੀ ਹੈ ਜੋ ਕਿ ਬਹੁਤ ਮੰਦਭਾਗੀ ਗੱਲ ਹੈ।
ਉਨ੍ਹਾਂ ਮੰਗ ਕੀਤੀ ਕਿ ਫੌਰੀ ਤੌਰ ਤੇ ਪਹਿਲਵਾਨਾ ਦੀ ਖਿੱਚ-ਧੂਹ ਕਰਨ ਵਾਲੇ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪਹਿਲਵਾਨਾਂ ਵੱਲੋਂ ਲਗਾਏ ਗਏ ਦੋਸ਼ਾਂ ਦੇ ਅਧਾਰ ਤੇ ਮੈਂਬਰ ਪਾਰਲੀਮੈਂਟ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਤੁਰੰਤ ਰੈਸਲਿੰਗ ਫੈਡਰੇਸ਼ਨ ਦੇ ਮੁਖੀ ਦੇ ਅਹੁਦੇ ਤੋਂ ਲਾਹਿਆ ਜਾਵੇ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ।