ਅਸ਼ਲੀਲ ਵੀਡੀਓ ਤੇ ਬਦਫੈਲੀ ਕਰਨ ਵਾਲੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਤੁਰੰਤ ਬਰਖ਼ਾਸਤਗੀ ਤੇ ਗ੍ਰਿਫਤਾਰੀ ਦੀ ਅਕਾਲੀ ਦਲ ਵਲੋਂ ਮੰਗ
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੁਣ ਜਦੋਂ ਪੀੜਤ ਸਾਹਮਣੇ ਆ ਗਿਆ ਹੈ ਤਾਂ ਇਹ ਸਪਸ਼ਟ ਹੈ ਕਿ ਮੰਤਰੀ ਨੇ ਨਾਬਾਲਗ ਨਾਲ ਬਦਫੈਲੀ ਕੀਤੀ, ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਮੰਤਰੀ ਦਾ ਬਚਾਅ ਕਿਉਂ ਕਰ ਰਹੇ ਹਨ
ਜਲੰਧਰ, 5 ਮਈ ( ਹਰਪ੍ਰੀਤ ਸਿੰਘ ਜੱਸੋਵਾਲ ) ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਬਰਖ਼ਾਸਤ ਕਰ ਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਹੁਣ ਇਹ ਹੈਰਾਨੀਜਨਕ ਖੁਲ੍ਹਾਸਾ ਹੋ ਗਿਆਹੈ ਕਿ ਮੰਤਰੀ ਨੇ ਨਾਬਾਲਗ ਨਾਲ ਬਦਫੈਲੀ ਕੀਤੀ ਤੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਉਹ ਅਜਿਹਾ ਘਿਨੌਣਾ ਅਪਰਾਧ ਕਰਨ ਵਾਲੇ ਦੋਸ਼ੀ ਦਾ ਬਚਾਅ ਕਿਉਂ ਕਰ ਰਹੇ ਹਨ।
ਅੱਜ ਇਥੇ ਕਰਤਾਰਪੁਰ ਵਿਧਾਨ ਸਭਾ ਹਲਕੇ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਦੇ ਹੱਕ ਵਿਚ ਪ੍ਰਚਾਰਕ ਕਰਦਿਆਂ ਸਾਬਕਾ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਕਟਾਰੂਚੱਕ ਵੱਲੋਂ ਪੀੜਤ ਬਣਾਇਆ ਗਿਆ ਵਿਅਕਤੀ ਸਾਹਮਣੇ ਆ ਗਿਆ ਹੈ ਮੰਤਰੀ ਦੀ ਅਸ਼ਲੀਲ ਵੀਡੀਓ ਜੋ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਹੈ, ਉਹ ਅਸਲ ਹੈ। ਉਹਨਾਂ ਕਿਹਾ ਕਿ ਇਹ ਵੀਡੀਓ ਹੁਣ ਪੁਲਿਸ ਕੋਲ ਵੀ ਮੌਜੂਦ ਹੈ ਤਾਂ ਇਸਦੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਹੁਣ ਤੱਕ ਇਸ ਮਾਮਲੇ ਵਿਚ ਕਾਰਵਾਈ ਨਹੀਂ ਕੀਤੀ। ਸ੍ਰੀ ਭਗਵੰਤ ਮਾਨ ਪੰਜਾਬੀਆਂ ਨੂੰ ਇਹ ਦੱਸਣ ਕਿ ਉਹ ਕੀ ਛੁਪਾ ਰਹੇ ਹਨ ਜਿਸ ਕਾਰਨ ਉਹ ਮੰਤਰੀ ਦੇ ਖਿਲਾਫ ਕਾਰਵਾਈ ਨਹੀਂ ਕਰ ਰਹੇ।
ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਲੋਕਾਂ ਨੂੰ ਕਿਹਾ ਕਿ ਇਹੀ ਬਦਲਾਅ ਆਪ ਨੇ ਪੰਜਾਬ ਵਿਚ ਲਿਆਂਦਾ ਹੈ। ਉਹਨਾਂ ਕਿਹਾ ਕਿ ਆਪ ਦੇ ਜਲਾਲਾਬਾਦ ਦੇ ਵਿਧਾਇਕ ਗੋਲਡੀ ਕੰਬੋਜ ਦੇ ਪਿਤਾ ਸੁਰਿੰਦਰ ਕੰਬੋਜ ਨੂੰ ਵੀ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਲ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਵਿਧਾਇਕ ਦੇ ਖਿਲਾਫ ਵੀ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਪਿਓ ਪੁੱਤਰ ਹਰ ਚੀਜ਼ ਵਿਚ ਇਕੱਠੇ ਸ਼ਾਮਲ ਸਨ ਤੇ ਪਹਿਲਾਂ ਵੀ ਇਸੇ ਤਰੀਕੇ ਦੇ ਹਾਲਾਤਾਂ ਵਿਚ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਹੁਣ ਕਟਾਰੂਚੱਕ ਦਾ ਬਚਾਅ ਕਰ ਰਹੇ ਹਨ ਤੇ ਦਾਅਵਾ ਕਰ ਰਹੇ ਹਨ ਕਿ ਐਸੀ ਕੋਈ ਵੀਡੀਓ ਨਹੀਂ ਹੈ ਜੋ ਪੰਜਾਬ ਦੇ ਰਾਜਪਾਲ ਨੂੰ ਸੌਂਪੀ ਗਈ ਹੈ।
ਸਰਦਸਾਰ ਮਜੀਠੀਆ ਨੇ ਸਥਾਨਕ ਆਪ ਵਿਧਾਇਕ ਬਲਕਾਰ ਸਿੰਘ ਦੀ ਵੀ ਗੱਲ ਕੀਤੀ ਕਿ ਕਿਵੇਂ ਉਹਨਾਂ ਆਪਣੇ ਪੁੱਤਰ ਲਈ ਸਬ ਇੰਸਪੈਕਟਰ ਦੀ ਨੌਕਰੀ ਲੈਣ ਵਾਸਤੇ ਆਪਣੇ ਅਪੰਗ ਹੋਣ ਜਾਅਲੀ ਸਰਟੀਫਿਕੇਟ ਬਣਾਇਆ। ਉਹਨਾਂ ਕਿਹਾ ਕਿ ਉਹ ਹਾਈ ਕੋਰਟ ਦੇ ਧੰਨਵਾਦੀ ਹਨ ਜਿਹਨਾਂ ਨੇ ਬਲਕਾਰ ਸਿੰਘ ਦੇ ਪੁੱਤਰ ਦਾ ਕੇਸ ਖਾਰਜ ਕਰ ਦਿੱਤਾ ਜਿਸ ਕਾਰਨ ਸਬ ਇੰਸਪੈਕਟਰਾਂ ਦੀ ਭਰਤੀ ਰੁਕੀ ਹੋਈ ਸੀ ਜੋ ਕਿ ਕਾਂਗਰਸ ਸਰਕਾਰ ਵੇਲੇ ਸ਼ੁਰੂ ਕੀਤੀ ਗਈ ਸੀ।
ਲੋਕਾਂ ਨੂੰ ਆਉਂਦੀ ਚੋਣ ਵਿਚ ਆਪ ਨੂੰ ਸਬਕ ਸਿਖਾਉਣ ਦੀ ਅਪੀਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਸੰਗਰੂਰ ਦੇ ਲੋਕਾਂ ਨੈ ਪਹਿਲਾਂ ਹੀ ਮਾਲਵਾ ਖਿੱਤੇ ਵਿਚ ਆਪ ਨੂੰ ਬਾਹਰ ਦਾ ਬੂਹਾ ਵਿਖਾਇਆ ਹੈ। ਇਕ ਵਾਰ ਇਥੇ ਵੀ ਆਪ ਦੀ ਹਾਰ ਹੁੰਦੀ ਹੈ ਤਾਂ ਉਹ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਮਜਬੂਰ ਹੋਵੇਗੀ।
ਸਾਬਕਾ ਮੰਤਰੀ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪ ਵੱਲੋ਼ ਫੈਲਾਏ ਜਾ ਰਹੇ ਝੂਠ ਤੋਂ ਚੌਕਸ ਰਹਿਣ। ਉਹਨਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਵੱਡੇ ਵੱਡੇ ਵਾਅਦੇ ਕੀਤੇਗਏ ਤੇ ਹੁਣ ਉਹ ਤੁਹਾਡੀਆਂ ਵੋਟਾਂ ਚਾਹੁੰਦੇ ਹਨ। ਉਹਨਾਂ ਕਿਹਾ ਕਿ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇਹ ਉਹੀ ਲੋਕ ਹਨ ਜਿਹਨਾਂ ਨੇ ਵਾਅਦ ਕੀਤਾ ਸੀ ਕਿ ਇਕ ਅਨੁਸੂਚਿਤ ਜਾਤੀ ਦੇ ਵਿਅਕਤੀ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਇਹਨਾਂ ਹੀ ਲੋਕਾਂ ਨੂੰ ਅਜਿਹਾ ਇਕ ਵੀ ਐਸ ਸੀ ਆਗੂ ਨਹੀਂ ਲੱਭਾ ਜਿਸਨੂੰ ਰਾਜ ਸਭਾ ਦੀ ਮੈਂਬਰੀ ਦਿੱਤੀ ਜਾ ਸਕੇ। ਉਹਨਾਂ ਕਿਹਾ ਕਿ ਇਹ ਸਰਕਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਵਿਚ ਨਾਕਾਮ ਰਹੀ ਹੈ, ਇਸਨੇ ਸਮਾਜ ਭਲਾਈ ਲਾਭ ਨਹੀਂ ਦਿੱਤੇ ਬਲਕਿ ਉਲਟਾ ਘਟਾ ਦਿੱਤੇ ਹਨ ਤੇ ਇਹ ਸੂਬੇ ਦੀਆਂ ਔਰਤਾਂ ਨੂੰ ਇਕ ਇਕ ਹਜ਼ਾਰ ਰੁਪਏ ਦੇਣ ਦੇ ਆਪਣੇ ਵਾਅਦੇ ਤੋਂ ਵੀ ਮੁਕਰ ਗਈ ਹੈ।