ਆਪ ਸਰਕਾਰ ਨੇ ਹੜ੍ਹ ਮਾਰੇ ਕਿਸਾਨਾਂ ਲਈ 186 ਕਰੋੜ ਰੁਪਏ ਦੀ ਨਿਗੂਣੀ ਰਾਸ਼ੀ ਜਾਰੀ ਕਰ ਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ: ਸੁਖਬੀਰ ਸਿੰਘ ਬਾਦਲ
ਕਿਹਾ ਕਿ ਅਕਾਲੀ ਦਲ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਉਹਨਾਂ ਦੇ ਹੋਏ ਨੁਕਸਾਨ ਦਾ ਪੂਰਾ ਮੁਆਵਜ਼ਾ ਮਿਲਣ ਤੱਕ ਸੰਘਰਸ਼ ਜਾਰੀ ਰੱਖੇਗਾ
ਸਰਦੂਲਗੜ੍ਹ, 24 ਅਗਸਤ,(ਹਰਪੀਤ ਸਿੰਘ ਜੱਸੋਵਾਲ):- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਹੜ੍ਹਾਂ ਨਾਲ ਕਿਸਾਨਾਂ ਦੇ ਹੋਏ ਨੁਕਸਾਨ ਲਈ 186 ਕਰੋੜ ਰੁਪਏ ਦੀ ਨਿਗੂਣੀ ਰਾਸ਼ੀ ਜਾਰੀ ਕਰ ਕੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਿਆ ਹੈ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਨੂੰ ਉਹਨਾਂ ਦੇ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਨਹੀਂ ਮਿਲਦਾ, ਅਕਾਲੀ ਦਲ ਆਪਣਾ ਸੰਘਰਸ਼ ਜਾਰੀ ਰੱਖੇਗਾ।
ਅੱਜ ਇਥੇ ਪਾਰਟੀ ਦੇ ਦੂਜੇ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੇ ਉਸੇ ਦਿਨ ਕਿਸਾਨਾਂ ਵਾਸਤੇ 186 ਕਰੋੜ ਰੁਪਏ ਜਾਰੀ ਕੀਤੇ ਜਿਸ ਦਿਨ ਅਕਾਲੀ ਦਲ ਨੇ ਦੇਵੀਗੜ੍ਹ ਵਿਚ ਪਹਿਲਾ ਧਰਨਾ ਦਿੱਤਾ ਸੀ।
ਉਹਨਾਂ ਕਿਹਾ ਕਿ ਇਹ ਪੈਸਾ ਬਹੁਤ ਥੋੜ੍ਹਾ ਹੈ ਤੇ ਇਸ ਨਾਲ ਸੂਬੇ ਵਿਚ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਅੰਸ਼ਕ ਤੌਰ ’ਤੇ ਵੀ ਨਹੀਂ ਪੂਰਿਆ ਜਾ ਸਕਦਾ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਲਈ ਸਿਰਫ 186 ਕਰੋੜ ਰੁਪਏ ਜਾਰੀ ਕੀਤੇ ਹਨ ਜਦੋਂ ਕਿ ਉਹਨਾਂ ਨੇ ਇਸ਼ਤਿਹਾਰਾਂ ਰਾਹੀਂ ਆਪਣੇ ਪ੍ਰਚਾਰ ’ਤੇ 750 ਕਰੋੜ ਰੁਪਏ ਖਰਚ ਕੀਤੇ। ਉਹਨਾਂ ਕਿਹਾ ਕਿ ਇਸ ਫਜ਼ੂਲ ਖਰਚੀ ਨੂੰ ਰੋਕ ਕੇ ਕਿਸਾਨਾਂ ਦਾ ਮੁਆਵਜ਼ਾ ਤਿੰਨ ਗੁਣਾ ਵਧਾਇਆ ਜਾਣਾ ਚਾਹੀਦਾ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਕਿਸਾਨਾਂ, ਗਰੀਬਾਂ ਤੇ ਵਪਾਰੀਆਂ ਦੀ ਪਾਰਟੀ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਕਈ ਕਿਸਾਨ ਜਥੇਬੰਦੀਆਂ ਬਣ ਗਈਆਂ ਹਨ ਪਰ ਉਹ ਪੈਮਾਨੇ ’ਤੇ ਖਰੀਆਂ ਨਹੀਂ ਉਤਰੀਆਂ ਤੇ ਇਹ ਨਹੀਂ ਦੱਸ ਸਕੀਆਂ ਕਿ ਜਦੋਂ ਮੁੱਖ ਮੰਤਰੀ ਦੇ ਹੁਕਮਾਂ ’ਤੇ ਜਿਹੜਾ ਕਿਸਾਨ ਸ਼ਹੀਦ ਹੋਇਆ ਹੈ, ਉਸ ਵਾਸਤੇ ਸਰਕਾਰ ਵੱਲੋਂ 10 ਰੁਪਏ ਜਾਰੀ ਕਰਨ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਸਰਕਾਰ ਖਿਲਾਫ ਆਪਣਾ ਸੰਘਰਸ਼ ਮੁਲਤਵੀ ਕਿਉਂ ਕਰ ਦਿੱਤਾ। ਉਹਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ ਹੈ ਤੇ ਕਿਸਾਨਾਂ ਨੂੰ ਵਰਤਿਆ ਨਹੀਂ ਜਾਣਾ ਚਾਹੀਦਾ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਆਪ ਸਰਕਾਰ ਪਹਿਲਾਂ ਹੜ੍ਹਾਂ ਦੀ ਰੋਕਥਾਮ ਵਾਸਤੇ ਸਮੇਂ ਸਿਰ ਕਦਮ ਚੁੱਕਣ ਵਿਚ ਨਾਕਾਮ ਰਹੀ ਤੇ ਫਿਰ ਇਸਨੇ ਭਾਖੜਾ ਤੇ ਪੌਂਗ ਡੈਮਾਂ ਤੋਂ ਛੱਡੇ ਪਾਣੀ ਦੀ ਨਿਕਾਸੀ ਵਾਸਤੇ ਸੁਚੱਜੇ ਪ੍ਰਬੰਧ ਨਹੀਂ ਕੀਤੇ। ਉਹਨਾਂ ਕਿਹਾ ਕਿ ਇਸ ਮਗਰੋਂ ਸੂਬੇ ਵਿਚ ਹਜ਼ਾਰਾਂ ਏਕੜ ਫਸਲ ਡੁੱਬ ਗਈ ਜਦੋਂ ਕਿ ਆਪ ਮੰਤਰੀ ਤੇ ਵਿਧਾਇਕ ਪੀੜ੍ਹਤ ਲੋਕਾਂ ਦੀ ਮਦਦ ਕਰਨ ਦੀ ਥਾਂ ’ਤੇ ਸਿਰਫ ਤਸਵੀਰਾਂ ਖਿੱਚਵਾਉਣ ਵਿਚ ਰੁੱਝੇ ਰਹੇ।
ਉਹਨਾਂ ਨੇ ਮੁੱਖ ਮੰਤਰੀ ਵੱਲੋਂ ਮੌਕੇ ਤੋਂ ਗਾਇਬ ਹੋਣ ਤੇ ਆਪਣੇ ਸਿਆਸੀ ਆਕਾ ਅਰਵਿੰਦ ਕੇਜਰੀਵਾਲ ਨੂੰ ਮੱਧ ਪ੍ਰਦੇਸ਼ ਤੇ ਛਤੀਸਗੜ੍ਹ ਲਿਜਾਣ ਨੂੰ ਤਰਜੀਹ ਦਿੱਤੀ ਜਦੋਂ ਕਿ ਉਹਨਾਂ ਦੀ ਸੂਬੇ ਦੇ ਕਿਸਾਨਾਂ ਨੂੰ ਬਹੁਤ ਲੋੜ ਸੀ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਸਰਕਾਰ ਨੇ ਸੂਬੇ ਦੀਆਂ ਪ੍ਰਮੁੱਖ ਨਦੀਆਂ ਤੇ ਨਾਲਿਆਂ ਵਿਚ ਪਏ 60 ਪਾੜਾਂ ਵਿਚੋਂ ਬਹੁ ਗਿਣਤੀ ਨਹੀਂ ਪੂਰੇ ਤੇ ਕਿਸਾਨਾਂ ਨੇ ਇਹ ਪਾੜ ਆਪ ਪੂਰੇ। ਉਹਨਾਂ ਕਿਹਾ ਕਿ ਸਰਕਾਰ ਨੇ ਤਾਂ ਕਿਸਾਨਾਂ ਨੂੰ ਨਾ ਡੀਜ਼ਲ ਦਿੱਤਾ, ਜੇ ਬੀ ਸੀ ਮਸ਼ੀਨਾਂ ਦਿੱਤੀਆਂ ਜਾਂ ਕਿਸ਼ਤੀਆਂ ਦਿੱਤੀਆਂ ਤੇ ਇਹ ਕੰਮ ਸਮਾਜ ਸੇਵੀ ਸੰਸਥਾਵਾਂ, ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ’ਤੇ ਛੱਡ ਦਿੱਤਾ ਗਿਆ। ਉਹਨਾਂ ਇਹ ਵੀ ਦੱਸਿਆਕਿ ਉਹਨਾਂ ਨੇ ਆਪ ਫਾਜ਼ਿਲਕਾ ਤੇ ਫਿਰੋਜ਼ਪੁਰ ਇਲਾਕਿਆਂ ਵਿਚ 8 ਕਿਸ਼ਤੀਆਂ ਪ੍ਰਦਾਨ ਕੀਤੀਆਂ ਜਦੋਂ ਕਿ ਇਲਾਕੇ ਦਾਦੌਰਾ ਕਰਨ ਵਾਲੇ ਆਪ ਦੇ ਮੰਤਰੀ ਨੇ ਕਿਸਾਨਾਂ ਦੀ ਕੋਈ ਵੀ ਮਦਦ ਕਰਨ ਤੋਂ ਨਾਂਹ ਕਰ ਦਿੱਤੀ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ ਪੰਜਾਬੀਆਂ ਨੂੰ ਆਪ ਦੇ ਇਰਾਦਿਆਂ ਬਾਰੇ ਅਗਾਊਂ ਚੇਤਾਵਨੀ ਦਿੱਤੀ ਸੀ ਪਰ ਉਹਨਾਂ ਨੇ ਬਦਲਾਅ ਦਾ ਨਾਅਰਾ ਸਵੀਕਾਰ ਕੀਤਾ ਤੇ ਗੁੰਮਰਾਹ ਹੋ ਗਏ। ਉਹਨਾਂ ਕਿਹਾ ਕਿ ਹੁਣ ਇਹ ਆਪ ਆਦਮੀ ਏਅਰ ਕੰਡੀਸ਼ਨਡ ਕਮਰਿਆਂ ਵਿਚ ਬੈਠਦੇਹਨ, ਨਸ਼ੇ ਵੇਚਦੇ ਹਨ, ਰੇਤੇ ਦੀ ਗੈਰ ਕਾਨੂੰਨੀ ਮਾਇਨਿੰਗ ਕਰਦੇ ਹਨ ਤੇ ਸੂਬੇ ਵਿਚ ਸਾਰੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੀ ਪੁਸ਼ਤ ਪਨਾਹੀ ਕਰਦੇ ਹਨ। ਇਹਨਾਂ ਨੇ ਲੋਕਾਂ ਨੂੰ ਵੱਡੇ-ਵੱਡੇ ਵਾਅਦੇ ਕੀਤੇ ਜਦੋਂ ਕਿ ਸੱਤਾ ਮਿਲਦਿਆਂ ਹੀ ਪਲਟੀ ਮਾਰ ਗਏ ਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋ਼ ਸ਼ੁਰੂ ਕੀਤੀਆਂ ਲੋਕ ਪੱਖੀ ਸਕੀਮਾਂ ਵਿਚੋਂ ਬਹੁ ਗਿਣਤੀ ਨੂੰ ਬੰਦ ਕਰ ਦਿੱਤਾ ਤੇ ਆਟਾ ਦਾਲ ਸਕੀਮ ਦੇ ਅੱਧੇ ਕਾਰਡ ਕੱਟ ਦਿੱਤੇ।
ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਸਾਰੇ ਧਰਮਾਂ ਦੇ ਹੱਕਾਂ ਵਾਸਤੇ ਡਟਿਆ ਰਹੇਗਾ। ਉਹਨਾਂ ਨੇ ਮਣੀਪੁਰ ਵਿਚ ਇਸਾਈਆਂ ਤੇ ਦੇਸ਼ ਦੇ ਹੋਰ ਭਾਗਾਂ ਵਿਚ ਮੁਸਲਮਾਨਾਂ ਨੂੰ ਵੋਟਾਂ ਦੇ ਧਰੁਵੀਕਰਨ ਵਾਸਤੇ ਨਿਸ਼ਾਨਾਂ ਬਣਾਉਣ ਦੀ ਵੀ ਨਿਖੇਧੀ ਕੀਤੀ।
ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਪੰਜਾਬ ਵਿਚ ਮੀਡੀਆ ਨੂੰ ਡਰਾਇਆ ਜਾ ਰਿਹਾ ਹੈ ਤੇ ਕਿਹਾ ਕਿ ਇਥੇ ਹਜ਼ਾਰਾਂ ਲੋਕਾਂ ਨੇ ਇਕੱਠੇ ਹੋ ਕੇ ਆਪ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਪਰ ਇਸ ਗੱਲ ਦੀਕੋਈ ਗਰੰਟੀ ਨਹੀਂ ਕਿ ਇਸਦੀ ਖਬਰ ਕੱਲ੍ਹ ਅਖ਼ਬਾਰਾਂ ਵਿਚ ਆਵੇ ਕਿਉਂਕਿ ਆਪ ਸਰਕਾਰ ਅਖਬਾਰ ਮਾਲਕਾਂ ਨੂੰ ਧਮਕਾ ਰਹੀ ਹੈ ਕਿ ਉਹਨਾਂ ਦੇ ਇਸ਼ਤਿਹਾਰ ਬੰਦ ਕਰ ਦਿੱਤੇ ਜਾਣਗੇ ਜੇਕਰ ਉਹਨਾਂ ਨੇ ਅਕਾਲੀ ਦਲ ਦੀ ਕਵਰੇਜ ਕੀਤੀ।
ਇਸ ਮੌਕੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਮੌਜੂਦਾ ਆਪ ਸਰਕਾਰ ਦੇ ਰਾਜ ਵਿਚ ਨਸ਼ਾ ਕਈ ਗੁਣਾ ਵੱਧ ਜਾਣ ਦਾ ਮਾਮਲਾ ਚੁੱਕਿਆ ਤੇ ਕਿਹਾ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਪਿੰਡ ਵਿਚ ਇਕ ਨੌਜਵਾਨਾਂ ਨਸ਼ੇ ਦੀ ਓਵਰਡੋਜ਼ ਨਾਲ ਮਰ ਗਿਆ ਹੈ ਤੇ ਇਸੇ ਤਰੀਕੇ ਰਾਏਕੋਟ ਦੇ ਵਿਧਾਇਕ ਦਾ ਨਿੱਜੀ ਸਹਾਇਕ ਸ਼ਰ੍ਹੇਆਮ ਮੈਡੀਕਲ ਨਸ਼ੇ ਵੇਚ ਰਿਹਾਹੈ। ਉਹਨਾਂ ਕਿਹਾਕਿ ਇਸ ਸਭ ਤੋਂ ਪਤਾ ਲੱਗਦਾ ਹੈ ਕਿ ਆਪ ਦੇ ਵਿਧਾਇਕ ਨਸ਼ਾ ਤਸਕਰਾਂ ਨਾਲ ਰਲ ਕੇ ਸਿੱਧੇ ਤੌਰ ’ਤੇ ਨਸ਼ਿਆਂ ਦੇ ਪਸਾਰ ਵਿਚ ਲੱਗੇ ਹਨ।
ਉਹਨਾਂ ਐਲਾਨ ਕੀਤਾ ਕਿ ਜੇਕਰ ਆਪ ਸਰਕਾਰ ਨੇ ਬਾਬਾ ਬਾਹਲ ਦਾਸ ਜੀ ਵਾਲਾ ਪੁੱਲ ਸਰਦੂਲਗੜ੍ਹ ਮੰਡੀ ਵਾਸਤੇ ਫੰਡ ਰਿਲੀਜ਼ ਨਾ ਕੀਤੇ ਤਾਂ ਉਹ ਆਪਣੇ ਐਮ ਪੀ ਲੈਡ ਫੰਡ ਵਿਚੋਂ ਫੰਡ ਜਾਰੀ ਕਰਨਗੇ।
ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਅਸੀਂ ਆਪ ਖਿਲਾਫ ਇਕਜੁੱਟ ਹੋਈਏ ਜਿਸਨੇ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਲੋਕਾਂ ਨੂੰ ਮੂਰਖ ਬਣਾਇਆ ਪਰ ਕੀਤਾ ਕੱਖ ਨਹੀਂ।
ਇਸ ਮੌਕੇ ਦਿਲਰਾਜ ਸਿੰਘ ਭੂੰਦੜ, ਪ੍ਰੇਮ ਅਰੋੜਾ ਤੇ ਡਾ. ਨਿਸ਼ਾਨ ਸਿੰਘ ਵੀ ਹਾਜ਼ਰ ਸਨ।