ਫਤਿਹਗੜ੍ਹ ਸਾਹਿਬ,18 ਅਕਤੂਬਰ (ਹਰਪ੍ਰੀਤ ਸਿੰਘ ਜੱਸੋਵਾਲ):- ਫਤਿਹਗੜ੍ਹ ਸਾਹਿਬ (Fatehgarh Sahib) ਦੇ ਪਿੰਡ ਸੁਹਾਗੇੜੀ ਦੇ ਰਹਿਣ ਵਾਲੇ ਬੀ.ਐਸ.ਐਫ ਦੇ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਦੀ ਡਿਊਟੀ ਦੌਰਾਨ ਮੌਤ ਹੋ ਗਈ,ਕੁਲਵਿੰਦਰ ਸਿੰਘ ਕਾਫੀ ਸਮੇਂ ਤੋਂ ਬਿਮਾਰ ਸਨ,ਉਸ ਦਾ ਇਲਾਜ ਆਰਮੀ ਹਸਪਤਾਲ (Army Hospital) ਵਿੱਚ ਚੱਲ ਰਿਹਾ ਸੀ,ਪਰ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਕੁਲਵਿੰਦਰ ਸਿੰਘ ਦੀ ਮੌਤ ਹੋ ਗਈ।
ਮੰਗਲਵਾਰ ਸ਼ਾਮ ਨੂੰ ਕੁਲਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਸੁਹਾਗੇੜੀ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ,ਅੰਤਿਮ ਸੰਸਕਾਰ ਮੌਕੇ ਬੀ.ਐਸ.ਐਫ ਦੇ ਅਧਿਕਾਰੀ, ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਅਤੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ,ਕੁਲਵਿੰਦਰ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ।
ਬੀ.ਐਸ.ਐਫ ਦੇ ਇੰਸਪੈਕਟਰ ਮਹੇਸ਼ ਕੁਮਾਰ ਨੇ ਦੱਸਿਆ ਕਿ ਬੀ.ਐਸ.ਐਫ 200 ਬਟਾਲੀਅਨ ‘ਚ ਤਾਇਨਾਤ ਹੈੱਡ ਕਾਂਸਟੇਬਲ ਕੁਲਵਿੰਦਰ ਸਿੰਘ ਮੇਘਾਲਿਆ ਦੇ ਤੂਰਾ ‘ਚ ਤਾਇਨਾਤ ਸੀ,ਕੁਲਵਿੰਦਰ ਕਾਫੀ ਸਮੇਂ ਤੋਂ ਬਿਮਾਰ ਸੀ,ਛਾਤੀ ‘ਚ ਇਨਫੈਕਸ਼ਨ (Infection) ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਫੌਜ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ,ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ।
ਬੀ.ਐਸ.ਐਫ ਅਧਿਕਾਰੀ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਆਪਣੇ ਪਿੱਛੇ ਪਤਨੀ, ਦੋ ਧੀਆਂ, ਇੱਕ ਪੁੱਤਰ ਅਤੇ ਬਜ਼ੁਰਗ ਪਿਤਾ ਛੱਡ ਗਿਆ ਹੈ,ਪਰਿਵਾਰ ਨੂੰ ਬੀ.ਐਸ.ਐਫ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ,ਦੂਜੇ ਪਾਸੇ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ (Punjab Govt) ਦੀ ਨੀਤੀ ਅਨੁਸਾਰ ਪਰਿਵਾਰ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।