ਸ਼ਿਮਲਾ,25 ਫਰਵਰੀ, 2024, (ਹਰਪ੍ਰੀਤ ਸਿੰਘ ਜੱਸੋਵਾਲ):- ਹਿਮਾਚਲ ਪ੍ਰਦੇਸ਼ ਦੇ ਜਨਜਾਤੀ ਇਲਾਕਿਆਂ ਅਤੇ ਉੱਚੀਆਂ ਪਹਾੜੀਆਂ ’ਚ ਐਤਵਾਰ ਨੂੰ ਠੰਢ ਦਾ ਕਹਿਰ ਜਾਰੀ ਰਿਹਾ ਅਤੇ ਕੁੱਝ ਥਾਵਾਂ ’ਤੇ ਹਲਕੀ ਬਰਫਬਾਰੀ ਹੋਈ,ਮੌਸਮ ਵਿਭਾਗ ਨੇ ਇਹ ਜਾਣਕਾਰੀ ਦਿਤੀ,ਮੌਸਮ ਵਿਭਾਗ (Department of Meteorology) ਮੁਤਾਬਕ ਲਾਹੌਲ ਅਤੇ ਸਪੀਤੀ ਦੇ ਕੁਕੁਮਸੇਰੀ ’ਚ ਰਾਤ ਦਾ ਸੱਭ ਤੋਂ ਘੱਟ ਤਾਪਮਾਨ ਮਨਫ਼ੀ 13.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਮੌਸਮ ਵਿਭਾਗ ਮੁਤਾਬਕ ਮਨਾਲੀ ’ਚ 4 ਸੈਂਟੀਮੀਟਰ, ਕਲਪਾ ’ਚ 3.5 ਸੈਂਟੀਮੀਟਰ, ਸਾਂਗਲਾ ’ਚ 3.2 ਸੈਂਟੀਮੀਟਰ, ਖਦਰਾਲਾ ’ਚ 2 ਸੈਂਟੀਮੀਟਰ ਅਤੇ ਸਰਾਹਨ ’ਚ 1 ਸੈਂਟੀਮੀਟਰ ਬਰਫਬਾਰੀ ਹੋਈ, ਜਦਕਿ ਸ਼ਿਮਲਾ, ਕੁਫਰੀ, ਡਲਹੌਜ਼ੀ, ਕੇਲੋਂਗ, ਕੁਕੁਮਸੇਰੀ ਅਤੇ ਗੋਂਡਲਾ ’ਚ ਹਲਕੀ ਬਰਫਬਾਰੀ ਹੋਈ।
ਹਿਮਾਚਲ ਪ੍ਰਦੇਸ਼ ’ਚ ਚਾਰ ਨੈਸ਼ਨਲ ਹਾਈਵੇ ਸਮੇਤ 292 ਸੜਕਾਂ ਅਜੇ ਵੀ ਆਵਾਜਾਈ ਲਈ ਬੰਦ ਹਨ,ਹਿਮਾਚਲ ਪ੍ਰਦੇਸ਼ ਐਮਰਜੈਂਸੀ ਆਪਰੇਸ਼ਨ ਸੈਂਟਰ ਅਨੁਸਾਰ, ਲਾਹੌਲ ਅਤੇ ਸਪੀਤੀ ’ਚ ਇਨ੍ਹਾਂ ’ਚੋਂ 246, ਚੰਬਾ ’ਚ 29 ਅਤੇ ਕੁਲੂ ’ਚ 10 ਸੜਕਾਂ ਬੰਦ ਕਰ ਦਿਤੀਆਂ ਗਈਆਂ ਹਨ,ਕੇਲੌਂਗ ’ਚ ਰਾਤ ਦਾ ਤਾਪਮਾਨ ਮਨਫ਼ੀ 11.7 ਡਿਗਰੀ ਸੈਲਸੀਅਸ ਅਤੇ ਕਲਪਾ ’ਚ ਮਾਈਨਸ 7.2 ਡਿਗਰੀ ਸੈਲਸੀਅਸ ਰਿਹਾ।
ਨਾਰਕੰਡਾ, ਕੁਫਰੀ, ਡਲਹੌਜ਼ੀ, ਮਨਾਲੀ, ਸ਼ਿਮਲਾ ਦੇ ਸੈਰ-ਸਪਾਟਾ ਕੇਂਦਰਾਂ ’ਚ ਤਾਪਮਾਨ ਕ੍ਰਮਵਾਰ -4 ਡਿਗਰੀ ਸੈਲਸੀਅਸ, -2.6 ਡਿਗਰੀ ਸੈਲਸੀਅਸ, -2.5 ਡਿਗਰੀ ਸੈਲਸੀਅਸ, -2.2 ਡਿਗਰੀ ਸੈਲਸੀਅਸ ਅਤੇ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ,ਮੌਸਮ ਵਿਭਾਗ ਨੇ 25 ਫ਼ਰਵਰੀ ਤੋਂ 1 ਮਾਰਚ ਤਕ ਉੱਚੇ ਇਲਾਕਿਆਂ ’ਚ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ।
ਮੌਸਮ ਵਿਭਾਗ (Department of Meteorology) ਨੇ 26, 27 ਅਤੇ 29 ਫ਼ਰਵਰੀ ਨੂੰ ਮੱਧ ਪਹਾੜੀਆਂ ’ਚ ਕੁੱਝ ਥਾਵਾਂ ’ਤੇ ਅਤੇ 1 ਮਾਰਚ ਨੂੰ ਕਈ ਹੋਰ ਥਾਵਾਂ ’ਤੇ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ,ਮੌਸਮ ਵਿਭਾਗ ਨੇ 26, 27, 29 ਫ਼ਰਵਰੀ ਅਤੇ 1 ਅਤੇ 2 ਮਾਰਚ ਨੂੰ ਵੱਖ-ਵੱਖ ਥਾਵਾਂ ’ਤੇ ਤੂਫਾਨ ਅਤੇ ਬਿਜਲੀ ਡਿੱਗਣ ਦੀ ਚੇਤਾਵਨੀ ਦਿੰਦੇ ਹੋਏ ‘ਯੈਲੋ’ ਅਲਰਟ ਵੀ ਜਾਰੀ ਕੀਤਾ ਹੈ।