ਚੰਡੀਗੜ੍ਹ, 16 ਨਵੰਬਰ (2023),(ਹਰਪ੍ਰੀਤ ਸਿੰਘ ਜੱਸੋਵਾਲ):- ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਪਲਾਟ ਨੰ. 1, ਸੈਕਟਰ 28-ਏ, ਚੰਡੀਗੜ੍ਹ ਵਿਖੇ ਗ਼ਦਰ ਲਹਿਰ ਦੇ ਸ਼ਹੀਦਾਂ ਦਾ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ, ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਖੇਤਰਾਂ ਨਾਲ ਜੁੜੇ ਬੁਲਾਰਿਆਂ ਵਿੱਚ ਰਾਜਵਿੰਦਰ ਸਿੰਘ ਰਾਹੀ, ਡਾ. ਪਿਆਰਾ ਲਾਲ ਗਰਗ, ਮਾਲਵਿੰਦਰ ਸਿੰਘ, ਜਸਵਿੰਦਰ ਸਿੰਘ (ਸਮਾਜਿਕ ਸੰਘਰਸ਼ ਪਾਰਟੀ) ਆਦਿ ਸ਼ਖ਼ਸੀਆਤਾਂ ਨੂੰ ਵਿਸ਼ੇਸ਼ ਤੌਰ ’ਤੇ ਸੱਦਿਆ ਗਿਆ।
ਸਮਾਗਮ ਦੀ ਸ਼ੁਰੂ ਵਿੱਚ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਿਖੇ ਸਿੱਖ ਮੀਡੀਆ ਦੀ ਵਿਦਿਆਰਥਣਾਂ ਨਰਿੰਦਰਜੀਤ ਕੌਰ ਵੱਲੋਂ ਫਾਂਸੀ ਦੇ ਰੱਸੇ ’ਤੇ ਲਮਕੇ ਸ਼ਹੀਦਾਂ ਦਾ ਸੰਦੇਸ਼ ਅਤੇ ਰਾਣੋ ਪੰਜਾਬਣ ਦੇ ਬੋਲ, ‘ਸਾਡੀ ਨਮਸਕਾਰ ਸੂਰਬੀਰਾਂ ਨੂੰ’ ਗਾ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਡਾ. ਖੁਸ਼ਹਾਲ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ।
ਬੁਲਾਰੇ ਰਾਜਵਿੰਦਰ ਸਿੰਘ ਰਾਹੀ ਵੱਲੋਂ ਗ਼ਦਰ ਲਹਿਰ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਦੀਆਂ ਲਾਸਾਨੀ ਕੁਰਬਾਨੀਆਂ ਪ੍ਰਤੀ ਬਾਖੂਬੀ ਚਾਨਣਾ ਪਾਇਆ ਗਿਆ। ਉਹਨਾਂ ਕਿਹਾ ਕਿ ਇਕੋਂ ਦਿਨ ਸ਼ਹੀਦੀ ਪਾਉਣ ਵਾਲੇ ਸੱਤ ਸ਼ਹੀਦਾਂ ਦੀ ਕਰੁਬਾਨੀ ਕਿਸੇ ਇਕ ਦੂਜੇ ਨਾਲੋਂ ਘੱਟ ਨਹੀਂ। ਪਹਿਲੀ ਸੰਸਾਰ ਜੰਗ ਸਮੇਂ (1914-18) ਆਰਥਿਕ ਪੱਖੋਂ ਅੰਗਰੇਜ਼ਾਂ ਦੀ ਹਾਲਤ ਪਤਲੀ ਹੋ ਗਈ ਸੀ। ਗ਼ਦਰੀਆਂ ਨੇ ਇਸ ਨੂੰ ਮੁਲਕ ਦੀ ਆਜ਼ਾਦੀ ਲਈ ਚੰਗਾ ਮੌਕਾ ਸਮਝਿਆ।
ਇਸ ਸੰਘਰਸ਼ ਵਿੱਚ ਬਹੁਤੇ ਗ਼ਦਰੀ ਫੜੇ ਗਏ, ਕਈਆਂ ਨੂੰ ਫਾਂਸੀ ਜਾਂ ਕਾਲੇ ਪਾਣੀ ਦੀ ਸਜ਼ਾ ਹੋਈ। 23 ਗ਼ਦਰੀਆਂ ਵਿੱਚੋਂ 16 ਨੂੰ ਉਮਰ ਕੈਦ ਤੇ 7 ਨੂੰ ਅੱਜ ਦੇ ਦਿਨ ਫਾਂਸੀ ਹੋਈ। 16 ਨਵੰਬਰ ਨੂੰ ਫਾਂਸੀ ਦਾ ਰੱਸਾ ਚੁੰਮਣ ਵਾਲੇ ਸ਼ਹੀਦ ਹਰਨਾਮ ਸਿੰਘ ਸਿਆਲਕੁਟ, ਭਾਈ ਸੁਰੈਣ ਸਿੰਘ (ਛੋਟਾ), ਜਗਤ ਸਿੰਘ ਸੁਰਸਿੰਘ, ਕਰਤਾਰ ਸਿੰਘ ਸਰਾਭਾ, ਭਾਈ ਸੁਰੈਣ ਸਿੰਘ (ਵੱਡਾ), ਬਖਸ਼ੀਸ਼ ਸਿੰਘ ਗਿੱਲਵਾਲੀ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਯਾਦ ਕੀਤਾ ਗਿਆ। ਉਹਨਾਂ 7 ਗ਼ਦਰੀਆਂ ਦੀ ਯਾਦ ਵਿੱਚ 16 ਨਵੰਬਰ ਦਾ ਦਿਨ ਸ਼ਰਧਾਂਜਲੀ ਵੱਜੋਂ ਮਨਾਇਆਂ ਗਿਆ।
ਇਸ ਸਮਾਗਮ ਵਿੱਚ ਵਿਦਵਾਨਾਂ, ਲੇਖਕਾਂ, ਕਵੀਆਂ ਅਤੇ ਹੋਰ ਸ਼ਖ਼ਸੀਅਤਾਂ ਵਿੱਚ ਸਰਬਜੀਤ ਸਿੰਘ ਧਾਲੀਵਾਲ, ਬਿੰਦੂ ਸਿੰਘ, ਜੈ ਸਿੰਘ ਛਿੱਬਰ, ਸਰਦਾਰਾ ਸਿੰਘ ਚੀਮਾ, ਕੁਲਦੀਪ ਸਿੰਘ, ਸੁਰਿੰਦਰ ਸਿੰਘ ਕਿਸ਼ਨਪੁਰਾ, ਡਾ ਮੇਘਾ ਸਿੰਘ, ਨੋਨਿਹਾਲ ਸਿੰਘ ਅਤੇ ਗਿਆਨੀ ਦਿਆ ਸਿੰਘ (ਦਿੱਲੀ) ਆਦਿ ਸ਼ਖ਼ਸੀਅਤਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ। ਕੇਂਦਰੀ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਵੱਲੋਂ ਸਮਾਗਮ ਵਿੱਚ ਪੁੱਜੇ ਵਿਅਕਤੀਆਂ ਲਈ ਧੰਨਵਾਦੀ ਸ਼ਬਦ ਕਹੇ ਗਏ।