ਚੰਡੀਗੜ੍ਹ,30 ਨਵੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਕਾਂਗਰਸ ਸਰਕਾਰ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜੰਗਲਾਤ ਮੰਤਰੀ ਰਹੇ ਸਾਧੂ ਸਿੰਘ ਧਰਮਸੋਤ (Sadhu Singh Dharamsot) ਦੇ ਅਮਲੋਹ ਦੇ ਵਾਰਡ ਨੰਬਰ 6 ਸਥਿਤ ਘਰ ‘ਤੇ ਜਲੰਧਰ ਤੋਂ ਆਈ ਈਡੀ ਦੀ ਟੀਮ ਨੇ ਅੱਜ ਸਵੇਰੇ ਛਾਪਾ ਮਾਰਿਆ ਹੈ,ਸਵੇਰੇ ਈਡੀ (ED) ਦੀਆਂ ਗੱਡੀਆਂ ਅਤੇ ਕੇਂਦਰੀ ਰਿਜ਼ਰਵ ਫੋਰਸ (Central Reserve Force) ਦੇ ਜਵਾਨ ਉਸ ਦੇ ਘਰ ਪਹੁੰਚ ਗਏ,ਤਲਾਸ਼ ਅਜੇ ਵੀ ਜਾਰੀ ਹੈ,ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਜੰਗਲਾਤ ਵਿਭਾਗ ਦੇ ਕੁਝ ਠੇਕੇਦਾਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਘਰ ਵੀ ਇਹ ਛਾਪੇਮਾਰੀ ਹੋਈ ਹੈ।
ਫਿਲਹਾਲ ਈਡੀ ਦੀਆਂ ਟੀਮਾਂ ਘਰ ਦੇ ਅੰਦਰ ਮੌਜੂਦ ਹਨ ਅਤੇ ਤਲਾਸ਼ੀ ਲਈ ਜਾ ਰਹੀ ਹੈ,ਕਿਸੇ ਨੂੰ ਵੀ ਘਰ ਦੇ ਅੰਦਰ ਜਾਣ ਜਾਂ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ,ਸਾਧੂ ਸਿੰਘ ਧਰਮਸੋਤ ਦੇ ਇਕ ਕਰੀਬੀ,ਜੰਗਲਾਤ ਵਿਭਾਗ ਦੇ ਠੇਕੇਦਾਰ,ਖੰਨਾ ਦੇ ਇਕ ਕਰੀਬੀ ਅਤੇ ਕੁਝ ਅਧਿਕਾਰੀਆਂ ਦੇ ਘਰਾਂ ‘ਤੇ ਛਾਪੇਮਾਰੀ ਕਰਨ ਲਈ ਵੀ ਕੁਝ ਟੀਮਾਂ ਪਹੁੰਚੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸਾਧੂ ਸਿੰਘ ਧਰਮਸੋਤ (Sadhu Singh Dharamsot) ਗੈਰਹਾਜ਼ਰ ਸੀ,ਜਦਕਿ ਉਸ ਦੀ ਪਤਨੀ ਅਤੇ ਪੁੱਤਰ ਗੁਰਪ੍ਰੀਤ ਸਿੰਘ ਘਰ ‘ਚ ਸਨ,ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਦੀ ਸਰਕਾਰ ਆਉਣ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਮਾਮਲਾ ਦਰਜ ਕਰਕੇ ਸਾਧੂ ਸਿੰਘ ਧਰਮਸੋਤ ਸਮੇਤ ਉਪਰੋਕਤ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ,ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹੈ,ਪੰਜਾਬ ਵਿਜੀਲੈਂਸ ਦੇ ਰਡਾਰ ‘ਤੇ ਆਉਣ ਤੋਂ ਬਾਅਦ ਈਡੀ (ED) ਨੇ ਵੀ ਉਸ ਦੇ ਦਸਤਾਵੇਜ਼ਾਂ ਅਤੇ ਜਾਂਚ ਰਿਪੋਰਟਾਂ ਦੀ ਮੰਗ ਕੀਤੀ ਸੀ।