ਸ੍ਰੀ ਫਤਹਿਗੜ੍ਹ ਸਾਹਿਬ, 28 ਦਸੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ ਵਿੱਚ ਇਤਿਹਾਸਕ ਤੇ ਪਵਿੱਤਰ ਅਸਥਾਨ ਸ੍ਰੀ ਫਤਹਿਗੜ੍ਹ ਸਾਹਿਬ ਜੀ ਵਿਖੇ ਵੀਰਵਾਰ ਨੂੰ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲਾ ਸੰਪੰਨ ਹੋਇਆ। ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਜੀ ਤੋਂ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਜੀ ਵਿਖੇ ਪਹੁੰਚ ਕੇ ਅਰਦਾਸ ਉਪਰੰਤ ਅਧਿਆਤਮਿਕ ਬੈਠਕ ਸੰਪੰਨ ਹੋਈ, ਇਸ ਮੌਕੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸੀਸ ਨਿਵਾਉਣ ਪਹੁੰਚੀ।
ਨਗਰ ਕੀਰਤਨ ਤੋਂ ਪਹਿਲਾਂ ਵੀਰਵਾਰ ਸਵੇਰੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਜੀ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਇਤਿਹਾਸਕ ਕਥਾ ਅਤੇ ਅਰਦਾਸ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਜਪੁਜੀ ਸਾਹਿਬ ਜੀ ਅਤੇ ਸ੍ਰੀ ਅਨੰਦ ਸਾਹਿਬ ਜੀ ਦੀਆਂ ਛੇ ਪਾਉੜੀਆਂ ਦੇ ਪਾਠ ਕੀਤੇ। ਅਰਦਾਸ ਉਪਰੰਤ ਹੁਕਮਨਾਮਾ ਲਿਆ ਗਿਆ।
ਪਾਲਕੀ ਸਾਹਿਬ ਜੀ ‘ਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ‘ਤੇ ਫੁੱਲਾਂ ਦੀ ਵਰਖਾ ਕਰਦੇ ਹੋਏ ਸੰਗਤਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਯਾਦ ਕਰ ਰਹੀਆਂ ਸਨ। ਇਸ ਦੌਰਾਨ ਜੋ ਬੋਲੇ ਸੋ ਨਿਹਾਲ-ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਰਿਹਾ ਸੀ।ਪਾਲਕੀ ਸਾਹਿਬ ਅੱਗੇ ਨਗਰ ਕੀਰਤਨ ਦੇ ਨਾਲ-ਨਾਲ ਗੱਤਕਾ ਪਾਰਟੀਆਂ, ਰਾਗੀ ਜਥੇ, ਸੇਵਾ ਦਲ, ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਵੱਖ-ਵੱਖ ਵਿੱਦਿਅਕ ਸੰਸਥਾਵਾਂ, ਸਕੂਲਾਂ, ਕਾਲਜਾਂ, ਅਕੈਡਮੀਆਂ ਦੇ ਵਿਦਿਆਰਥੀ ਸ਼ਬਦ ਗਾਇਨ ਕਰ ਰਹੇ ਸਨ।
ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਦਿੰਦੇ ਹੋਏ ਸਿੱਖ ਕੌਮ ਦੇ ਹਰ ਪਰਿਵਾਰ ਖਾਸਕਰ ਬੀਬੀਆਂ ਨੂੰ ਆਪਣੇ ਬੱਚਿਆਂ ਨੂੰ ਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਨੇ ਆਪਣੇ ਸੀਸ ‘ਤੇ ਸਿੱਖ ਕੌਮ ਦਾ ਮਹਿਲ ਬਣਾਇਆ ਤ ਕੌਮ ਦੇ ਉੱਚੇ ਬੁਰਜ ਦੀਆਂ ਨੀਹਾਂ ਨੂੰ ਮਜ਼ਬੂਤ ਕੀਤਾ।ਸਿੰਘ ਸਾਹਿਬ ਨੇ ਕਿਹਾ ਕਿ ਇਸ ਪਵਿੱਤਰ ਧਰਤੀ ‘ਤੇ ਸਭ ਤੋਂ ਵੱਡਾ ਜ਼ੁਲਮ ਹੋਇਆ ਅਤੇ ਇੱਥੇ ਹੀ ਸਭ ਤੋਂ ਵੱਡਾ ਧਰਮ ਛੋਟੇ ਸਾਹਿਬਜ਼ਾਦਿਆਂ ਨੇ ਕਮਾਇਆ। ਉਸ ਸਮੇਂ ਦੀ ਜ਼ਾਲਮ ਸਰਕਾਰ ਨੇ ਧਰਮ ਪਰਿਵਰਤਨ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਪਰ ਛੋਟੇ ਸਾਹਿਬਜ਼ਾਦਿਆਂ ਨੇ ਵੀ ਜੱਲਾਦਾਂ ਨੂੰ ਜਵਾਬ ਦਿੱਤਾ ਕਿ ਜੇ ਉਹ ਖਾਨਦਾਨੀ ਜੱਲਾਦ ਹਨ ਤਾਂ ਅਸੀਂ ਵੀ ਖਾਨਦਾਨੀ ਸ਼ਹੀਦ ਹਾਂ। ਇਸ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਅਰਦਾਸ ਕੀਤੀ ਗਈ।