ਸ੍ਰੀ ਮੁਕਤਸਰ ਸਾਹਿਬ,12 ਅਕਤੂਬਰ,(ਹਰਪ੍ਰੀਤ ਸਿੰਘ ਜੱਸੋਵਾਲ):- ਸ੍ਰੀ ਮੁਕਤਸਰ ਸਾਹਿਬ (Shri Muktsar Sahib) ਦੇ ਮਲੋਟ ਰੋਡ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੇ ਨਾਕਾ ਨੰਬਰ ਸੱਤ ਦੇ ਨੇੜੇ ਰਹਿਣ ਵਾਲੇ ਨਗਰ ਕੌਂਸਲ ‘ਚ ਜੂਨੀਅਰ ਅਸਿਸਟੈਂਟ (Junior Assistant) ਵਜੋਂ ਕੰਮ ਕਰ ਰਹੇ ਗੁਰਦੀਪ ਸਿੰਘ ਦੇ ਬੇਟੇ ਜਸਪ੍ਰੀਤ ਸਿੰਘ ਧਾਲੀਵਾਲ ਨੇ ਜੱਜ ਬਣ ਕੇ ਮੁਕਤਸਰ ਦਾ ਨਾਮ ਰੌਸ਼ਨ ਕੀਤਾ ਹੈ,ਉਨ੍ਹਾਂ ਸਿਵਲ ਜੱਜ ਦੀ ਪ੍ਰੀਖਿਆ ਪਾਸ ਕਰ ਲਈ ਹੈ ਤੇ ਪੰਜਾਬ ‘ਚੋਂ ਦਸਵਾਂ ਰੈਂਕ ਹਾਸਲ ਕੀਤਾ ਹੈ।
ਜਸਪ੍ਰੀਤ ਸਿੰਘ ਧਾਲੀਵਾਲ ਦੀ ਇਸ ਉਪਲਬਧੀ ਤੇ ਜਿੱਥੇ ਪਿਤਾ ਗੁਰਦੀਪ ਸਿੰਘ ਤੇ ਮਾਤਾ ਪਰਮਜੀਤ ਕੌਰ ਸਮੇਤ ਸਾਰੇ ਰਿਸ਼ਤੇਦਾਰ ਤੇ ਦੋਸਤ ਮਾਣ ਮਹਿਸੂਸ ਕਰ ਰਹੇ ਹਨ,ਉਥੇ ਹੀ ਮੁਕਤਸਰ ਸ਼ਹਿਰ ਲਈ ਵੀ ਇਹ ਮਾਣ ਵਾਲੀ ਗੱਲ ਹੈ,ਇਸ ਮੌਕੇ ਗ੍ਰਹਿ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ,ਤੇ ਪਰਿਵਾਰਕ ਮੈਂਬਰਾਂ ਵਲੋਂ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ।
ਦੱਸ ਦੇਈਏ ਕਿ ਜਿੱਥੇ ਅੱਜ ਕੱਲ੍ਹ ਕੰਪੀਟੀਸ਼ਨ ਦੇ ਦੌਰ ‘ਚ ਨੌਜਵਾਨਾਂ ‘ਚ ਇਕ ਦੂਜੇ ਤੋਂ ਅੱਗੇ ਵਧਣ ਦੀ ਹੋੜ ਲੱਗੀ ਰਹਿੰਦੀ ਹੈ,ਉਥੇ ਹੀ ਮੁਕਤਸਰ ਦੇ ਜਸਪ੍ਰੀਤ ਸਿੰਘ ਧਾਲੀਵਾਲ (Jaspreet Singh Dhaliwal) ਤੇ ਉਸਦੇ ਨਾਲ ਹੀ ਉਸਦੇ ਇਕ ਹੋਰ ਤਰਨਤਾਰਨ ਸ਼ਹਿਰ ਦੇ ਸਾਥੀ ਨਵਬੀਰ ਸਿੰਘ ਨੇ ਇਕੱਠਿਆਂ ਪੜ੍ਹਾਈ ਕਰਦਿਆਂ ਦੋਵਾਂ ਨੇ ਪ੍ਰੀਖਿਆ ਪਾਸ ਕੀਤੀ ਤੇ ਦੋਵੇਂ ਜੱਜ ਬਣ ਕੇ ਦੋਸਤੀ ਦੀ ਮਿਸਾਲ ਵੀ ਪੇਸ਼ ਕੀਤੀ ਹੈ।