ਮੋਹਾਲੀ ਨਗਰ ਨਿਗਮ ਵਿੱਚ ਕੰਟੈਕਟ ਤੇ ਕੰਮ ਕਰਦੇ ਕਰਮਚਾਰੀਆਂ ਦੀ ਤਨਖਾਹ ਚੰਡੀਗੜ੍ਹ ਨਾਲੋਂ ਅੱਧੀ ਤੋਂ ਵੀ ਘੱਟ
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਹਨਾਂ ਕਰਮਚਾਰੀਆਂ ਦੇ ਹੱਕ ਵਿੱਚ ਮਾਰਿਆ ਹਾਅ ਦਾ ਨਾਅਰਾ
ਸਾਰੇ ਖਰਚੇ ਬਰਾਬਰ ਪਰ ਤਨਖਾਹ ਚੰਡੀਗੜ੍ਹ ਨਾਲੋਂ ਅੱਧੀ ਕਿਉਂ : ਕੁਲਜੀਤ ਸਿੰਘ ਬੇਦੀ
Mohali,02 Aug,(Harpreet Singh Jassowal):- ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੋਹਾਲੀ ਨਗਰ ਨਿਗਮ ਵਿੱਚ ਕੰਨਟੈਕਟ ਤੇ ਰੱਖੇ ਗਏ ਸ਼੍ਰੇਣੀ ਸੀ ਅਤੇ ਡੀ ਦੇ ਕਰਮਚਾਰੀਆਂ ਦੀ ਤਨਖਾਹ ਚੰਡੀਗੜ੍ਹ ਦੇ ਬਰਾਬਰ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਮੋਹਾਲੀ ਨਗਰ ਨਿਗਮ ਦੇ ਅਧੀਨ ਜੋ ਕਰਮਚਾਰੀ ਇਹਨਾਂ ਸ਼੍ਰੇਣੀਆਂ ਵਿਚ ਕੰਨਟਰੈਕਟ ਤੇ ਕੰਮ ਕਰ ਰਹੇ ਹਨ ਉਹਨਾਂ ਦੀ ਤਨਖਾਹ ਚੰਡੀਗੜ੍ਹ ਨਗਰ ਨਿਗਮ ਵਿੱਚ ਕੰਮ ਕਰਦੇ ਕਰਮਚਾਰੀਆਂ ਦੀ ਤਨਖਾਹ ਤੋਂ ਅੱਧੀ ਤੋਂ ਵੀ ਘੱਟ ਹੈ ਜੋ ਇਹਨਾਂ ਕਰਮਚਾਰੀਆਂ ਨਾਲ ਸਰਾਸਰ ਧੱਕਾ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੋਹਾਲੀ ਨਗਰ ਨਿਗਮ ਵਿੱਚ ਫਾਇਰਮੈਨ, ਡਰਾਈਵਰ, ਸਫ਼ਾਈ ਸੇਵਕ, ਡਾਟਾ ਐਂਟਰੀ ਆਪਰੇਟਰ ਅਤੇ ਸੇਵਾਦਾਰ ਵਜੋਂ ਕੰਮ ਕਰਦੇ ਠੇਕੇ ਦੇ ਤਹਿਤ ਕਰਮਚਾਰੀਆਂ ਨੂੰ ਲਗਭਗ 11000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਹੈ ਜੋ ਕੱਟ ਕਟਾ ਕੇ ਉਹਨਾਂ ਨੂੰ 9500 ਰੁਪਏ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕਲਰਕ ਵਜੋਂ ਸੇਵਾ ਕਰ ਰਹੇ ਕਰਮਚਾਰੀਆਂ ਨੂੰ ਲਗਭਗ ਤਨਖਾਹ ਮਿਲ ਰਹੀ ਹੈ। ਇਹ ਵੀ ਕੱਟ ਕਟਾ ਕੇ 10500 ਰਹਿ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਦੂਜੇ ਪਾਸੇ ਜੇਕਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਸਫਾਈ ਸੇਵਕ ਅਤੇ ਸੇਵਾਦਾਰ ਨੂੰ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਹੈ ਜਦੋਂ ਕਿ ਬਾਕੀ ਉਪਰੋਕਤ ਸ਼੍ਰੇਣੀਆਂ ਦੇ ਕਰਮਚਾਰੀਆਂ ਨੂੰ 26 ਹਜ਼ਾਰ ਤਨਖਾਹ ਮਿਲਦੀ ਹੈ। ਉਹਨਾਂ ਕਿਹਾ ਕਿ ਮੋਹਾਲੀ ਵਿੱਚ ਕੰਮ ਕਰਦੇ ਕਰਮਚਾਰੀਆਂ ਨਾਲ ਇਹ ਬਹੁਤ ਵੱਡਾ ਵਿਤਕਰਾ ਅਤੇ ਧੱਕਾ ਹੈ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਨੇ ਜ਼ਬਰਦਸਤ ਵੋਟਾਂ ਪਾ ਕੇ 92 ਸੀਟਾਂ ਜਿਤਾ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਉਹਨਾਂ ਕਿਹਾ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ ਪੰਜਾਬ ਵਿਚ ਕੰਮ ਕਰਦੇ ਕਰਮਚਾਰੀਆਂ ਦੀ ਤਨਖਾਹ ਚੰਡੀਗੜ੍ਹ ਨਾਲੋਂ ਵੱਧ ਹੋਵੇ ਪਰ ਇੱਥੇ ਉਲਟਾ ਹੋ ਰਿਹਾ ਹੈ। ਕਰਮਚਾਰੀਆਂ ਨੂੰ ਪੱਕਾ ਕਰਨਾ ਤਾਂ ਦੂਰ ਦੀ ਗੱਲ ਹੈ ਉਲਟਾ ਉਨ੍ਹਾਂ ਨਾਲ ਧੱਕਾ ਅਤੇ ਧੋਖਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਰੇ ਪਾਸੇ ਮਹਿੰਗਾਈ ਇੱਕ ਬਰਾਬਰ ਹੈ, ਕਿਰਾਏ ਇੱਕ ਬਰਾਬਰ ਹਨ ਅਤੇ ਖਰਚੇ ਇਕ ਬਰਾਬਰ ਹਨ ਤਾਂ ਤਨਖਾਹ ਵਿੱਚ ਇੰਨਾ ਭਾਰੀ ਵਿਤਕਰਾ ਕਿਉਂ।
ਕੁਲਜੀਤ ਸਿੰਘ ਬੇਦੀ ਨੇ ਇਨ੍ਹਾਂ ਕਰਮਚਾਰੀਆਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਨੂੰ ਬੇਨਤੀ ਕੀਤੀ ਕਿ ਪੰਜਾਬ ਵਿੱਚ ਆਮ ਆਦਮੀ ਸਰਕਾਰ ਇਨ੍ਹਾਂ ਕਰਮਚਾਰੀਆਂ ਨੂੰ ਵੀ ਉਨ੍ਹਾਂ ਦਾ ਬਣਦਾ ਹੱਕ ਮੁਹਈਆ ਕਰਵਾਏ ਅਤੇ ਉਹਨਾਂ ਨੂੰ ਇਸ ਅੱਤ ਦੀ ਮਹਿੰਗਾਈ ਦੇ ਯੁੱਗ ਵਿੱਚ ਰਾਹਤ ਪ੍ਰਦਾਨ ਕਰੇ।