ਪਹਿਲਾਂ ਭੂ ਮਾਫੀਆ ਦੇ ਧੋਖੇ ਨਾਲ ਜ਼ਮੀਨ ਹੜੱਪਣ ਕਾਰਨ ਪਰਿਵਾਰ ਦਾ ਜੀਅ ਦੁਨੀਆਂ ਤੋਂ ਹੋਇਆ ਰੁਖ਼ਸਤ ਫੇਰ ਪੀੜਤ ਪਰਿਵਾਰ ਨੂੰ ਹੀ ਸਚਾਈ ਸਾਬਤ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕਰਨੀ ਪੈ ਰਹੀ ਹੈ ਅਰਦਾਸ,ਵੱਡਾ ਭਾਈ 20 ਸਾਲ ਤੋ ਇਨਸਾਫ ਲਈ ਭਟਕਦਾ ਹੋਇਆ 11 ਅਗਸਤ ਤੋਂ DMC ਦੀ ਮੋਰਚਰੀ ਵਿੱਚ ਲਾਸ਼ ਬਣ ਪਿਆ ਛੋਟਾ ਭਾਈ ਦਿਲਦਾਰ ਸਿੰਘ ਅਤੇ ਕਾਕਾ ਸਿੰਘ ਕੋਟੜਾਂ ਸਰਕਾਰ ਵੱਲੋ ਭੂ ਮਾਫੀਆ ਦੀ ਹੀ ਮਦਦ ਕਰਨ ਕਰਕੇ ਮਰਨ ਵਰਤ ਉੱਪਰ ਬੈਠਣ ਲਈ ਹੋਏ ਮਜਬੂਰ
ਚੰਡੀਗੜ੍ਹ, 31 ਅਗਸਤ, (ਹਰਪ੍ਰੀਤ ਸਿੰਘ ਜੱਸੋਵਾਲ):- ਜਗਜੀਤ ਸਿੰਘ ਡੱਲੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿੱਛਲੇ ਦਿਨੀ ਸਾਬਕਾ ਜੱਥੇਦਾਰ ਸਾਹਿਬ ਜਸਵੀਰ ਸਿੰਘ ਜੀ ਰੋਡੇ, ਗੁਰਦੀਪ ਸਿੰਘ ਬਠਿੰਡਾ ਅਤੇ ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ ਵੱਲੋ ਦੋਸ਼ੀਆ ਦੇ ਹੱਕ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅਤੇ ਆਖਿਆ ਗਿਆ ਸੀ ਕਿ ਪੀੜਤ ਸੁਖਵਿੰਦਰ ਸਿੰਘ ਦਾ ਪਰਿਵਾਰ ਝੂਠ ਬੋਲ ਰਿਹਾ ਹੈ ਅਤੇ ਅਸ਼ਵਨੀ ਕੁਮਾਰ ਜੈਨ,ਰਜਿੰਦਰ ਕੁਮਾਰ ਜੈਨ,ਸੰਜੀਵ ਕੁਮਾਰ ਜੈਨ ਸੱਚੇ ਹਨ।
ਜਿਸ ਕਾਰਨ ਪੀੜ੍ਹਤ ਪਰਿਵਾਰ ਨੂੰ ਹੀ ਆਪਣੀ ਸਚਾਈ ਸਾਬਤ ਕਰਨ ਲਈ ਆਪਣੇ ਬੱਚਿਆਂ ਸਮੇਤ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਨਮੁਖ ਹੋ ਅਰਦਾਸ ਕਰਨ ਲਈ ਹਾਜਰ ਹੋਣਾ ਪਿਆ ਕਿ ਜੇਕਰ ਉਹ ਗ਼ਲਤ ਅਤੇ ਦੋਸ਼ੀ ਹਨ ਤਾਂ ਦੀਨ ਦੁਨੀਆਂ ਦੇ ਮਾਲਿਕ ਸਾਨੂੰ ਸਜ਼ਾ ਦੇਣ ਅਤੇ ਪਰਿਵਾਰ ਵੱਲੋਂ ਸਾਬਕਾ ਜੱਥੇਦਾਰ ਜਸਵੀਰ ਸਿੰਘ ਜੀ ਰੋਡੇ ਨੂੰ ਵੀ ਬੇਨਤੀ ਕੀਤੀ ਗਈ ਸੀ ਕਿ ਉਹ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਸਨਮੁੱਖ ਹੋ ਕੇ ਇਹ ਗੱਲ ਆਖਣ ਕਿ ਪਰਿਵਾਰ ਗ਼ਲਤ ਹੈ ਅਤੇ ਝੂਠ ਬੋਲ ਰਿਹਾ ਹੈ ਅਤੇ ਜੱਥੇਦਾਰ ਇਨਸਾਫ ਦਿਵਾਉਣ ਲਈ ਹਾਈ ਕੋਰਟ ਤੱਕ ਪੀੜਤ ਪਰਿਵਾਰ ਨਾਲ ਨਹੀਂ ਗਏ।

ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆ ਦੱਸਿਆ ਕਿ ਪੀੜ੍ਹਤ ਪਰਿਵਾਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਜੱਥੇਦਾਰ ਜਸਵੀਰ ਸਿੰਘ ਰੋਡੇ ਜੀ ਨੇ ਖੁਦ ਹਾਈ ਕੋਰਟ ਵਿੱਚ ਵਕੀਲ ਕਰਨ ਅਤੇ ਦੋਸ਼ੀਆਂ ਅਸ਼ਵਨੀ ਕੁਮਾਰ ਜੈਨ,ਰਜਿੰਦਰ ਕੁਮਾਰ ਜੈਨ,ਸੰਜੀਵ ਕੁਮਾਰ ਜੈਨ ਤੋਂ ਉਹਨਾਂ ਦੀ ਜਮੀਨ ਵਾਪਸ ਕਰਵਾਉਣ ਲਈ 2013 ਤੱਕ ਮਦਦ ਕੀਤੀ ਸੀ, ਜਗਜੀਤ ਸਿੰਘ ਡੱਲੇਵਾਲ ਨੇ ਅੱਗੇ ਗੱਲਬਾਤ ਕਰਦਿਆ ਕਿਹਾ ਕਿ ਇਨਸਾਫ਼ ਨਾ ਮਿਲਣ ਕਾਰਨ ਅਤੇ ਸਰਕਾਰੀ ਸ਼ਹਿ ਪ੍ਰਾਪਤ ਲੋਕਾਂ ਕੋਲੋਂ ਧੋਖਾਧੜੀ ਦਾ ਸ਼ਿਕਾਰ ਹੋ ਆਪਣੀ ਜੀਵਨ ਲੀਲਾ ਖ਼ਤਮ ਕਰਨ ਵਾਲੇ ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇ 11 ਅਗਸਤ ਦੀ DMC ਵਿੱਚ ਪਈ ਹੈ।
ਪ੍ਰੰਤੂ ਇਨਸਾਫ਼ ਦੇਣ ਦੀ ਬਜਾਏ ਸਰਕਾਰ ਵੱਲੋ ਦੋਸ਼ੀਆ ਨੂੰ ਬਚਾਉਣ ਲਈ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ ਜਿਸ ਕਰਕੇ ਪੀੜਤ ਦਿਲਦਾਰ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾ ਜਰਨਲ ਸਕੱਤਰ ਕਾਕਾ ਸਿੰਘ ਕੋਟੜਾ ਨੂੰ 30 ਅਗਸਤ ਤੋਂ ਮਰਨ ਵਰਤ ਉੱਤੇ ਬੈਠਣ ਲਈ ਮਜਬੂਰ ਹੋਣਾ ਪਿਆ ਹੈ ਇਸ ਲਈ ਜਦੋਂ ਤੱਕ ਪੀੜਤ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਉਸ ਸਮੇਂ ਤੱਕ ਇਹ ਮਰਨ ਵਰਤ ਜਾਰੀ ਰਹੇਗਾ। ਇਸ ਲਈ ਹਰ ਇੱਕ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਅਤੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਇਨਸਾਨ ਨੂੰ ਸੋਸ਼ਲ ਮੀਡੀਆ ਰਾਹੀਂ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਅੱਗੇ ਚੱਲ ਰਹੇ ਮੋਰਚੇ ਵਿੱਚ ਪਹੁੰਚ ਕੇ ਹਾਅ ਦਾ ਨਾਅਰਾ ਮਾਰਨ ਦੀ ਅਪੀਲ ਕੀਤੀ ਜਾਂਦੀ ਹੈ।