Chandigarh,26 Aug,(Harpreet Singh Jassowal):- ਪੰਜਾਬ ਵਿਜੀਲੈਂਸ ਬਿਊਰੋ ਨੇ ਬਠਿੰਡਾ ਜ਼ਿਲ੍ਹੇ ਦੇ ਮੌੜ ਵਿਖੇ ਤਾਇਨਾਤ DSP ਬਲਜੀਤ ਸਿੰਘ ਬਰਾੜ ਨੂੰ 30,000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਪੰਜਾਬ ਵਿਜੀਲੈਂਸ ਬਿਊਰੋ ਨੇ ਉਕਤ DSP ਦੇ ਰੀਡਰ ਮਨਪ੍ਰੀਤ ਸਿੰਘ (Head Constable) ਕੋਲੋਂ ਇੱਕ ਲੱਖ ਰੁਪਏ ਦੀ ਰਕਮ ਵੀ ਬਰਾਮਦ ਕੀਤੀ ਹੈ। ਇਸ ਰਕਮ ਬਾਰੇ ਵੱਖਰੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਰਕਮ ਵੀ ਰਿਸ਼ਵਤ ਵਜੋਂ ਲਈ ਹੋ ਸਕਦੀ ਹੈ।
ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਪੁਲਿਸ ਅਧਿਕਾਰੀ ਨੂੰ ਰਵਿੰਦਰ ਸਿੰਘ ਵਾਸੀ ਮੌੜ ਮੰਡੀ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਵਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਕਿ ਉਸ ਦੇ ਪੁੱਤਰ ਖ਼ਿਲਾਫ਼ ਥਾਣਾ ਬਾਲਿਆਂਵਾਲੀ ਵਿਖੇ ਇਕ ਝਗੜੇ ਸਬੰਧੀ ਸ਼ਿਕਾਇਤ ਦਰਜ ਹੋਈ ਸੀ।
ਉਸ ਨੇ ਆਪਣੇ ਪੁੱਤਰ ਨੂੰ ਨਿਰਦੋਸ਼ ਸਾਬਤ ਕਰਨ ਲਈ SSP ਦਫ਼ਤਰ ਬਠਿੰਡਾ ਵਿਖੇ ਦਰਖ਼ਾਸਤ ਦਿੱਤੀ ਸੀ,ਜਿਸਦੀ ਜਾਂਚ DSP ਬਲਜੀਤ ਸਿੰਘ ਬਰਾੜ ਨੂੰ ਸੌਂਪੀ ਗਈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਉਸ ਨੇ ਆਪਣੇ ਪੁੱਤਰ ਦੀ ਬੇਗੁਨਾਹੀ ਸਾਬਤ ਕਰਨ ਲਈ ਇੱਕ ਵੀਡੀਓ ਵੀ ਪੇਸ਼ ਕੀਤੀ ਪਰ ਮੁਲਜ਼ਮ DSP ਨੇ ਉਸ ਦੇ ਪੁੱਤਰ ਨੂੰ ਕਲੀਨ ਚਿੱਟ ਦੇਣ ਬਦਲੇ 50,000 ਰੁਪਏ ਰਿਸ਼ਵਤ ਮੰਗ ਲਈ।
ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਪੰਜਾਬ ਵਿਜੀਲੈਂਸ ਬਿਊਰੋ (Punjab Vigilance Bureau) ਦੀ ਟੀਮ ਨੇ ਟਰੈਪ ਲਗਾ ਕੇ DSP ਬਲਜੀਤ ਸਿੰਘ ਬਰਾੜ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 30,000 ਰੁਪਏ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ।ਉਨ੍ਹਾਂ ਦੱਸਿਆ ਕਿ DSP ਖ਼ਿਲਾਫ਼ ਥਾਣਾ ਵਿਜੀਲੈਂਸ ਬਿਊਰੋ,ਬਠਿੰਡਾ ਰੇਂਜ ਵਿਖੇ FIR ਦਰਜ ਕੀਤੀ ਗਈ ਹੈ।