ਕਿਹਾ,ਮੋਹਾਲੀ ਦੇ ਪੀ ਸੀ ਏ ਸਟੇਡੀਅਮ ਕ੍ਰਿਕਟ ਮੈਚ ਨਾ ਮਿਲਣ ਤੇ ਹਰਭਜਨ ਸਿੰਘ ਵਰਗੇ ਰਾਜ ਸਭਾ ਮੈਂਬਰ ਨੇ ਵੀ ਨਹੀਂ ਜਤਾਇਆ ਕੋਈ ਇਤਰਾਜ਼
ਮੋਹਾਲੀ,(ਹਰਪ੍ਰੀਤ ਸਿੰਘ ਜੱਸੋਵਾਲ ):- ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਕ੍ਰਿਕਟ ਵਿਸ਼ਵ ਕੱਪ ਵਿੱਚ ਮੋਹਾਲੀ ਪੀਸੀਏ ਨੂੰ ਇਕ ਵੀ ਮੈਚ ਨਾ ਦੇਣ ਤੇ ਹਾਅ ਦਾ ਨਾਹਰਾ ਤੱਕ ਨਹੀਂ ਮਾਰਿਆ। ਹਾਲਾਂਕਿ ਉਨ੍ਹਾਂ ਨੇ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਦੀ ਇਸ ਗੱਲੋਂ ਸ਼ਲਾਘਾ ਵੀ ਕੀਤੀ ਹੈ ਕਿ ਉਨ੍ਹਾਂ ਨੇ ਬੀਸੀਸੀਆਈ ਦੇ ਬੋਰਡ ਆਫ਼ ਡਾਇਰੈਕਟਰਜ਼ ਨੂੰ ਪੱਤਰ ਲਿਖ ਕੇ ਮੋਹਾਲੀ ਦੇ ਪੀ ਸੀ ਏ ਸਟੇਡੀਅਮ ਨੂੰ ਕੋਈ ਕ੍ਰਿਕਟ ਮੈਚ ਨਾ ਦੇਣ ਤੇ ਆਪਣਾ ਇਤਰਾਜ਼ ਦਰਜ ਕਰਵਾਇਆ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਕ੍ਰਿਕਟਰ ਹਰਭਜਨ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਦੇ ਮੈਂਬਰ ਹਨ ਅਤੇ ਇਸ ਪੀਸੀਏ ਸਟੇਡੀਅਮ ਵਿੱਚ ਵੀ ਉਨ੍ਹਾਂ ਨੇ ਅਨੇਕਾਂ ਮੈਚ ਖੇਡੇ ਹਨ, ਨੇ ਵੀ ਆਪਣਾ ਮੂੰਹ ਇਸ ਸਬੰਧੀ ਬੰਦ ਕੀਤਾ ਹੋਇਆ ਹੈ। ਉਨ੍ਹਾਂ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਸੋਚਦੇ ਸਨ ਕਿ ਹਰਭਜਨ ਸਿੰਘ ਕ੍ਰਿਕੇਟ ਦੇ ਨਾਲ-ਨਾਲ ਪੰਜਾਬ ਨੂੰ ਪਿਆਰ ਕਰਦਾ ਹੈ ਪਰ ਅਸਲੀਅਤ ਇਸ ਤੋਂ ਕੋਹਾਂ ਦੂਰ ਹੈ। ਉਨ੍ਹਾਂ ਕਿਹਾ ਕਿ ਇਹੀ ਹਾਲ ਪੰਜਾਬ ਲਈ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਰਾਘਵ ਚੱਢਾ ਅਤੇ ਬਾਕੀ ਹੋਰ ਰਾਜ ਸਭਾ ਮੈਂਬਰਾਂ ਦਾ ਹੈ ਜਿਨ੍ਹਾਂ ਨੂੰ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਅਤੇ ਪੰਜਾਬ ਦੇ ਕਿਸੇ ਵੀ ਮੁੱਦੇ ਤੇ ਇਨ੍ਹਾਂ ਦਾ ਕੋਈ ਬੋਲ ਨਹੀਂ ਨਿਕਲਦਾ।
ਉਨ੍ਹਾਂ ਕਿਹਾ ਕਿ ਮੋਹਾਲੀ ਦੇ ਪੀ ਸੀ ਏ ਸਟੇਡੀਅਮ ਨੂੰ ਵਿਸ਼ਵ ਕੱਪ ਦਾ ਕੋਈ ਨਾ ਦਿੱਤੇ ਜਾਣਾ ਪੰਜਾਬ ਨਾਲ ਬਹੁਤ ਵੱਡਾ ਧੱਕਾ ਹੈ ਅਤੇ ਬੀਸੀਸੀਆਈ ਨੂੰ ਇਸ ਸਬੰਧੀ ਦੁਬਾਰਾ ਵਿਚਾਰ ਕਰਦੇ ਹੋਏ ਮੋਹਾਲੀ ਦੇ ਪੀ ਸੀ ਏ ਸਟੇਡੀਅਮ ਨੂੰ ਵਿਸ਼ਵ ਕੱਪ ਦਾ ਮੈਚ ਦੇਣਾ ਚਾਹੀਦਾ ਹੈ।