ਅਨੰਦਪੁਰ ਸਾਹਿਬ 08 ਜੁਲਾਈ(ਸਤਿੰਦਰਪਾਲ ਸਿੰਘ, ਸੇਵਾ ਸਿੰਘ):- ਲਗਾਤਾਰ ਪੈ ਰਹੀ ਤੇਜ਼ ਬਰਸਾਤ ਨਾਲ ਜਿੱਥੇ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਨੇ ਦਰਿਆ ਦਾ ਰੂਪ ਧਾਰ ਲਿਆ ਹੈ ਉਥੇ ਨਾਲ ਲਗਦੇ ਪਿੰਡਾਂ ਵਿਚ ਵੀ ਕਈ ਤਰ੍ਹਾਂ ਦੇ ਨੁਕਸਾਨਾਂ ਦੀਆਂ ਖਬਰਾਂ ਮਿਲ ਰਹੀਆਂ ਹਨ। ਇਸੇ ਤਹਿਤ ਸ੍ਰੀ ਅਨੰਦਪੁਰ ਸਾਹਿਬ ਦੇ ਲਾਗਲੇ ਪਿੰਡ ਅੰਗਮਪੁਰ ਦੇ ਕਰੈਸ਼ਰ ਜ਼ੋਨ ਦਾ ਰਸਤਾ ਹੜ ਦੀ ਲਪੇਟ ਚ ਆ ਗਿਆ ਹੈ ਜਿਸ ਕਾਰਨ ਕਰੈਸ਼ਰ ਜੋਨ ਦਾ ਲਿੰਕ ਟੁੱਟ ਗਿਆ ਹੈ।

ਇਹ ਰਸਤਾ ਹੜ੍ਹ ਦੀ ਲਪੇਟ ਚ ਆਉਣ ਕਾਰਨ ਇੱਥੇ ਰਹਿ ਰਹੇ ਜਾਂ ਕੰਮ ਕਰਨ ਵਾਲੇ ਕਈ ਪਰਵਾਸੀ ਮਜ਼ਦੂਰਾਂ ਲਈ ਖਤਰਾ ਬਣ ਗਿਆ ਹੈ। ਕਰੈਸ਼ਰ ਮਾਲਕ ਵੀ ਕਰੈਸ਼ਰ ਜ਼ੋਨ ਦੇ ਸਾਰੇ ਰਸਤੇ ਬੰਦ ਹੋਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ। ਪਰ ਸ੍ਰੀ ਅਨੰਦਪੁਰ ਸਾਹਿਬ ਪ੍ਰਸ਼ਾਸਨ ਇਸ ਸਮੱਸਿਆ ਨੂੰ ਲੈ ਕੇ ਗੰਭੀਰ ਨਹੀ ਲੱਗ ਰਿਹਾ। ਉਘੇ ਸਮਾਜ ਸੇਵੀ ਅਤੇ ਬਸਪਾ ਦੇ ਸੀਨੀਅਰ ਆਗੂ ਨਿਤਿਨ ਨੰਦਾ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਜਲਦੀ ਤੋਂ ਜਲਦੀ ਇਸ ਦਾ ਹੱਲ ਕੀਤਾ ਜਾਵੇ ਤਾਂ ਜੋ ਕਰੈਸ਼ਰ ਮਾਲਕਾਂ ਅਤੇ ਕ੍ਰੈਸ਼ਰਾਂ ਤੇ ਕੰਮ ਕਰਨ ਵਾਲੇ ਮਜਦੂਰਾ ਦਾ ਨੁਕਸਾਨ ਨਾ ਹੋਵੇ।