ਪੰਜਾਬ ਪੁਲਿਸ ਵੱਲੋਂ ਗੈਂਗਵਾਰ ਵਿੱਚ ਸ਼ਾਮਲ ਅਪਰਾਧਿਕ ਗਿਰੋਹ ਦਾ ਪਰਦਾਫਾਸ਼; ਪਿਸਤੌਲ ਸਮੇਤ ਇੱਕ ਗ੍ਰਿਫ਼ਤਾਰ: ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਹਿੱਸੇ ਵਜੋਂ, ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਐਸ.ਏ.ਐਸ.ਨਗਰ ਨੇ ਅੱਜ ਇੱਕ ਬਦਨਾਮ ਅਪਰਾਧੀ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕਰਕੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਪੁਲਿਸ ਵੱਲੋਂ ਉਸ ਦੇ ਕਬਜ਼ੇ ‘ਚੋਂ.30 ਬੋਰ ਦੇ ਪਿਸਤੌਲ ਸਮੇਤ 5 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਰਾਹੁਲ ਉਰਫ਼ ਆਕਾਸ਼ ਵਾਸੀ ਪਿੰਡ ਨੌਰੰਗ ਕੇ ਲੇਲੀ, ਫਿਰੋਜ਼ਪੁਰ ਵਜੋਂ ਹੋਈ ਹੈ। ਪੁਲੀਸ ਨੇ ਉਸ ਦੇ ਨਜ਼ਦੀਕੀ ਸਾਥੀ ਸੁੱਖ ਉਰਫ਼ ਸੁਭਾਸ਼ ਵਾਸੀ ਪਿੰਡ ਬਾਬਰਾ ਆਜ਼ਮ ਸ਼ਾਹ, ਫਿਰੋਜ਼ਪੁਰ ਖ਼ਿਲਾਫ਼ ਵੀ ਮਾਮਲਾ ਦਰਜ ਕੀਤਾ ਹੈ। ਇਹ ਦੋਵੇਂ ਦੋਸ਼ੀ ਅਪਰਾਧਿਕ ਪਿਛੋਕੜ ਵਾਲੇ ਹਨ ਅਤੇ ਦੋਹਰੇ ਕਤਲ, ਇਰਾਦਾ ਕਤਲ ਤੇ ਅਸਲਾ ਐਕਟ ਸਮੇਤ ਘਿਨਾਉਣੇ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਿਲ ਹਨ।
ਵੇਰਵੇ ਦਿੰਦਿਆਂ, ਏਆਈਜੀ ਐਸਐਸਓਸੀ ਐਸਏਐਸ ਨਗਰ ਅਸ਼ਵਨੀ ਕਪੂਰ ਨੇ ਕਿਹਾ ਕਿ ਉਹਨਾਂ ਨੂੰ ਭਰੋਸੇਯੋਗ ਸੂਹ ਮਿਲੀ ਸੀ ਕਿ ਦੋਸ਼ੀ ਰਾਹੁਲ ਅਤੇ ਸੁੱਖ, ਜੋ ਜ਼ਮਾਨਤ ‘ਤੇ ਹਨ, ਵਿਰੋਧੀ ਗਰੋਹਾਂ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰਚ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਉਹ ਆਪਣੇ ਅਣਪਛਾਤੇ ਸਾਥੀਆਂ ਤੋਂ ਹੋਰ ਗੈਰ-ਕਾਨੂੰਨੀ ਹਥਿਆਰਾਂ ਦਾ ਪ੍ਰਬੰਧ ਵੀ ਕਰ ਰਹੇ ਸਨ।
ਏਆਈਜੀ ਕਪੂਰ ਨੇ ਦੱਸਿਆ ਕਿ ਐਸਐਸਓਸੀ ਮੁਹਾਲੀ ਦੀ ਟੀਮ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਰਾਹੁਲ ਉਰਫ਼ ਆਕਾਸ਼ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਪਿਸਤੌਲ ਬਰਾਮਦ ਕੀਤਾ, ਜਦੋਂ ਕਿ ਸੁੱਖ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਹਨਾਂ ਅੱਗੇ ਦੱਸਿਆ ਕਿ ਪੁਲਿਸ ਟੀਮਾਂ ਉਸ ਨੂੰ ਫੜਨ ਲਈ ਛਾਪੇਮਾਰੀ ਕਰ ਰਹੀਆਂ ਹਨ।
ਉਹਨਾਂ ਕਿਹਾ ਕਿ ਮੁਲਜ਼ਮਾਂ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦੇ ਗੈਰ-ਕਾਨੂੰਨੀ ਹਥਿਆਰਾਂ ਅਤੇ ਗੋਲਾ-ਸਿੱਕਾ ਪ੍ਰਾਪਤ ਕਰਨ ਦੇ ਸਰੋਤ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।
ਜ਼ਿਕਰਯੋਗ ਹੈ ਕਿ ਇਸ ਸਬੰਧੀ ਥਾਣਾ ਸਪੈਸ਼ਲ ਆਪ੍ਰੇਸ਼ਨ ਸੈੱਲ, ਐਸ.ਏ.ਐਸ.ਨਗਰ ਵਿਖੇ ਅਸਲਾ ਐਕਟ ਦੀ ਧਾਰਾ 25 ਅਧੀਨ ਮੁਕੱਦਮਾ ਨੰਬਰ 08 ਮਿਤੀ 25/05/2023 ਦਰਜ ਕੀਤਾ ਗਿਆ ਹੈ।