ਨਵੀਂ ਦਿੱਲੀ, 10 ਸਤੰਬਰ (ਹਰਪ੍ਰੀਤ ਸਿੰਘ ਜੱਸੋਵਾਲ):- ਜੀ 20 ਸੰਮੇਲਨ (G20 Summit) ਸਮੂਹ ਨੇ ਵਿਅਕਤੀਆਂ, ਧਾਰਮਕ ਚਿੰਨ੍ਹਾਂ ਅਤੇ ਪਵਿੱਤਰ ਗ੍ਰੰਥਾਂ ਵਿਰੁਧ ਧਾਰਮਕ ਨਫਰਤ ਫੈਲਾਉਣ ਵਾਲੀਆਂ ਸਾਰੀਆਂ ਕਾਰਵਾਈਆਂ ਦੀ ਸਖਤ ਨਿੰਦਾ ਕੀਤੀ ਹੈ। ਭਾਰਤ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਇਸ ਸਮੂਹ ਦੇ ਆਗੂਆਂ ਦੀ ਮੀਟਿੰਗ ’ਚ ਦਿੱਲੀ ਐਲਾਨਨਾਮੇ ਨੂੰ ਅਪਣਾਇਆ ਗਿਆ ਜਿਸ ’ਚ ਉਨ੍ਹਾਂ ਨੇ ਧਰਮ ਜਾਂ ਵਿਸ਼ਵਾਸ ਦੀ ਆਜ਼ਾਦੀ, ਪ੍ਰਗਟਾਵੇ ਦੀ ਆਜ਼ਾਦੀ ਅਤੇ ਸ਼ਾਂਤੀਪੂਰਨ ਇਕੱਠ ਕਰਨ ਦੇ ਅਧਿਕਾਰ ’ਤੇ ਜ਼ੋਰ ਦਿਤਾ।
ਜੀ 20 ਸੰਮੇਲਨ (G20 Summit) ਨੇ ਅਪਣੇ ਸਾਂਝੇ ਐਲਾਨਨਾਮੇ ’ਚ ਕਿਹਾ, ‘‘ਇਸ ਸਬੰਧ ’ਚ ਅਸੀਂ ਧਾਰਮਕ ਚਿੰਨ੍ਹਾਂ ਅਤੇ ਪਵਿੱਤਰ ਕਿਤਾਬਾਂ ਸਮੇਤ ਘਰੇਲੂ ਕਾਨੂੰਨੀ ਢਾਂਚੇ ਪ੍ਰਤੀ ਪੱਖਪਾਤ ਕੀਤੇ ਬਿਨਾਂ ਵਿਅਕਤੀਆਂ ਵਿਰੁਧ ਧਾਰਮਕ ਨਫ਼ਰਤ ਦੀਆਂ ਸਾਰੀਆਂ ਕਾਰਵਾਈਆਂ ਦੀ ਸਖ਼ਤ ਨਿੰਦਾ ਕਰਦੇ ਹਾਂ।’’ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਜੀ 20 ਸੰਮੇਲਨ (G20 Summit) ਬੈਠਕ ਦੀ ਸ਼ੁਰੂਆਤ ’ਚ ਅਪਣੇ ਸੰਬੋਧਨ ’ਚ ਕਿਹਾ ਸੀ, ‘‘ਭਾਰਤ ਵਿਸ਼ਵਾਸ, ਅਧਿਆਤਮਿਕਤਾ ਅਤੇ ਪਰੰਪਰਾਵਾਂ ਦੀ ਵੰਨ-ਸੁਵੰਨਤਾ (Diversity) ਵਾਲਾ ਦੇਸ਼ ਹੈ,ਦੁਨੀਆਂ ਦੇ ਕਈ ਵੱਡੇ ਧਰਮਾਂ ਨੇ ਇੱਥੇ ਜਨਮ ਲਿਆ ਅਤੇ ਦੁਨੀਆਂ ਦੇ ਹਰ ਧਰਮ ਨੂੰ ਇੱਥੇ ਸਤਿਕਾਰ ਮਿਲਿਆ ਹੈ।’’