ਨਵੀਂ ਦਿੱਲੀ, 16 ਦਸੰਬਰ, (ਹਰਪ੍ਰੀਤ ਸਿੰਘ ਜੱਸੋਵਾਲ):- ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Union Finance Minister Nirmala Sitharaman) ਨੇ ਕਿਹਾ ਕਿ ਕੇਂਦਰ ਸਰਕਾਰ 2024 ਦੀ ਮਰਦਮਸ਼ੁਮਾਰੀ ਤੋਂ ਬਾਅਦ ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਲਾਗੂ ਕਰਨ ਲਈ ਕਦਮ ਚੁੱਕੇਗੀ।
ਸ਼ੁਕਰਵਾਰ ਨੂੰ ਦੱਖਣੀ ਕੰਨੜ ਜ਼ਿਲ੍ਹੇ ਦੇ ਮੂਡਬਿਦਰੀ ਵਿਖੇ ਮਹਾਰਾਣੀ ਅੱਬਾਕਾ ਦੇ ਨਾਂ ‘ਤੇ ਯਾਦਗਾਰੀ ਡਾਕ ਟਿਕਟ ਜਾਰੀ ਕਰਨ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ ਹਕੀਕਤ ਬਣ ਗਿਆ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਮੇਸ਼ਾ ਰਾਸ਼ਟਰ ਨਿਰਮਾਣ ‘ਚ ਔਰਤਾਂ ਦੀ ਭੂਮਿਕਾ ‘ਤੇ ਵਿਸ਼ਵਾਸ ਕੀਤਾ ਹੈ।
ਪੁਰਤਗਾਲੀ ਸ਼ਾਸਨ ਵਿਰੁਧ ਲੜਨ ਵਾਲੀ 16ਵੀਂ ਸਦੀ ਦੀ ਮਹਾਰਾਣੀ ਅੱਬਾਕਾ ਦੇ ਸਾਹਸ ਅਤੇ ਬਹਾਦਰੀ ਦੀ ਪ੍ਰਸ਼ੰਸਾ ਕਰਦੇ ਹੋਏ ਸੀਤਾਰਮਨ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਸਾਮਰਾਜੀ ਤਾਕਤਾਂ ਵਿਰੁਧ ਲੜਨ ਵਾਲੇ ਅਣਗਿਣਤ ਸੈਨਾਨੀਆਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਕਦਮ ਚੁੱਕੇ ਹਨ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਿਹਾ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਹਿੱਸੇ ਵਜੋਂ, ਸਰਕਾਰ ਨੇ 14,500 ਕਹਾਣੀਆਂ ਦਾ ਇਕ ਡਿਜੀਟਲ ਜ਼ਿਲ੍ਹਾ ਭੰਡਾਰ ਬਣਾਇਆ ਹੈ, ਜਿਸ ਵਿਚ ਆਜ਼ਾਦੀ ਸੰਗਰਾਮ ਨਾਲ ਸਬੰਧਤ ਸਥਾਨਾਂ ਦਾ ਜ਼ਿਕਰ ਹੈ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਉਮੀਦ ਪ੍ਰਗਟਾਈ ਕਿ ਤੱਟਵਰਤੀ ਕਰਨਾਟਕ ਵਿਚ ਰਾਣੀ ਅੱਬਾਕਾ ਦੇ ਨਾਂ ‘ਤੇ ਸੈਨਿਕ ਸਕੂਲ ਖੋਲ੍ਹਿਆ ਜਾਵੇਗਾ। ਉਨ੍ਹਾਂ ਨੇ ਯਾਦਗਾਰੀ ਡਾਕ ਟਿਕਟ ਲਈ ਵਰਤੀ ਗਈ ਮਹਾਰਾਣੀ ਅੱਬਾਕਾ ਦੀ ਤਸਵੀਰ ਲਈ ਕਲਾਕਾਰ ਵਾਸੂਦੇਵ ਕਾਮਤ ਨੂੰ ਵਧਾਈ ਦਿਤੀ।