ਭਗਵੰਤ ਮਾਨ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣ :- ਸ਼ੁਭਾਸ ਸ਼ਰਮਾ
ਮੋਹਾਲੀ 17 ਮਾਰਚ ( ਹਰਪ੍ਰੀਤ ਸਿੰਘ ਜੱਸੋਵਾਲ )
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਗ੍ਰਹਿ ਮੰਤਰਾਲਾ ਸਾਂਭਣ ਦੇ ਯੋਗ ਨਹੀਂ ਹਨ,ਮਾਨਸਾ ਦੇ ਕੋਟਲੀ ਕਲਾਂ ਵਿਖੇ ਵਾਪਰੀ ਘਟਨਾ ਤੋਂ ਬਾਅਦ ਜੇਕਰ ਮੁੱਖ ਮੰਤਰੀ ਦੇ ਕੋਲ ਆਪਣੀ ਅੰਤਰ ਆਤਮਾ ਦੀ ਅਵਾਜ ਬਚੀ ਹੋਵੇ ਤਾਂ ਤੁਰੰਤ ਗ੍ਰਹਿ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣ ।ਇਹਨਾਂ ਗੱਲਾ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ਼ੁਭਾਸ ਸ਼ਰਮਾ ਨੇ ਕੀਤਾ ।ਉਹਨਾਂ ਨੇ ਕਿਹਾ ਕਿ 6 ਸਾਲਾ ਦੇ ਮਾਸੂਮ ਬੱਚੇ ਦੀ ਗੋਲੀਆਂ ਮਾਰਕੇ ਕੀਤੀ ਹੱਤਿਆ ਨੇ ਪੰਜਾਬੀਆ ਦੇ ਦਿਲਾਂ ਨੂੰ ਦਹਿਲਾਕੇ ਰੱਖ ਦਿੱਤਾ ਹੈ ਤੇ ਅਸੀਂ ਸਾਰੇ ਬਹੁਤ ਦੁਖੀ ਤੇ ਚਿੰਤਤ ਹਾਂ ।ਉਹਨਾਂ ਕਿਹਾ ਕੋਟਲੀ (ਮਾਨਸਾ)ਵਾਸੀ ਜਸਪ੍ਰੀਤ ਜੋ ਆਪਣੀ ਬੇਟੀ ਤੇ ਬੇਟੇ ਨਾਲ ਪੈਦਲ ਘਰ ਵੱਲ ਜਾ ਰਿਹਾ ਸੀ ਤੇ ਰਸਤੇ ਵਿੱਚ ਮੋਟਰ ਸਾਈਕਲ ਬਦਮਾਸਾ ਨੇ ਜਿਸ ਤਰਾਂ ਉਹਨਾਂ ਤੇ ਹਮਲਾ ਕਰਕੇ ਉਸਦੇ 6 ਸਾਲਾ ਦੇ ਬੱਚੇ ਦੀ ਹੱਤਿਆ ਕੀਤੀ ਅਸੀਂ ਸ਼ਭ ਹੈਰਾਨ ਤੇ ਪਰੇਸ਼ਾਨ ਹਾਂ,ਜੇਕਰ ਕੋਈ ਪਰੇਸ਼ਾਨ ਨਹੀਂ ਹੈ ਤਾਂ ਉਹ ਹੈ ਸਾਡਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ,ਉਸਦੀ ਸਰਕਾਰ ਤੇ ਉਸਦਾ ਪ੍ਰਸ਼ਾਸਨ ।ਭਗਵੰਤ ਮਾਨ ਨੂੰ ਜੇਕਰ ਕਿਸੇ ਦੀ ਚਿੰਤਾ ਹੈ ਤਾਂ ਉਹ ਹੈ ਅਰਵਿੰਦ ਕੇਜਰੀਵਾਲ ਤੇ ਉਸਦੇ ਸਾਥੀਆਂ ਦੀ ।
ਸ਼ੁਭਾਸ ਸ਼ਰਮਾ ਨੇ ਦੋਸ਼ ਲਗਾਇਆ ਕਿ ਜਦੋਂ ਤੋਂ ਭਗਵੰਤ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਦੋਂ ਤੋਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੋ ਗਿਆ ਹੈ ।ਮੁੱਖ ਮੰਤਰੀ ਪੰਜਾਬ ਵੱਲ ਧਿਆਨ ਦੇਣ ਦੀ ਵਜਾਏ ਆਪਣੇ ਆਕਾ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਖੁਸ਼ ਰੱਖਣ ਵਿੱਚ ਲੱਗਿਆ ਹੋਇਆ ਹੈ ।
ਉਹਨਾਂ ਦੱਸਿਆ ਕਿ ਪਿਛਲੇ ਅੱਠ ਮਹੀਨਿਆਂ ਤੋਂ ਪੰਜਾਬ ਕੋਲ ਰੈਗੁਲਰ ਪੁਲਿਸ ਮੁਖੀ ਨਹੀਂ ਹੈ ,ਜਦੋਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ 6 ਮਹੀਨੇ ਤੋਂ ਜ਼ਿਆਦਾ ਸਮਾ ਕਾਰਜਕਾਰੀ ਡੀਜੀਪੀ ਨਹੀਂ ਲਗਾਇਆ ਜਾ ਸਕਦਾ ।ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਾਡੇ ਸੰਵਿਧਾਨ ,ਕਾਨੂੰਨ ਦੀ ਕੋਈ ਪ੍ਰਵਾਹ ਨਹੀਂ ਹੈ ।ਉਹਨਾ ਕਿਹਾ ਪੰਜਾਬ ਵਿੱਚ ਜਿਸ ਤਰਾਂ ਰੋਜ਼ਾਨਾ ਹੱਤਿਆਵਾਂ ਹੋ ਰਹੀਆਂ ਹਨ,ਪੁਲਿਸ ਥਾਣਿਆਂ ਤੇ ਕਬਜ਼ਾ ਕਰਕੇ ਪੁਲਿਸ ਤੇ ਹਮਲੇ ਹੋ ਰਹੇ ਹਨ ਇਹ ਸਭ ਕੁਝ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੀਆਂ ਨਲੈਕੀਆਂ ਕਾਰਨ ਹੋ ਰਿਹਾ ਹੈ ।ਉਹਨਾਂ ਕਿਹਾ ਕਿ ਪੰਜਾਬ ਦੇ ਹਾਲਾਤ ਠੀਕ ਹੋਣ ਦੀ ਬਜਾਏ ਦਿਨੋ ਦਿਨ ਹੋਰ ਖਰਾਬ ਹੋ ਰਹੇ ਹਨ ।ਉਹਨਾਂ ਕਿਹਾ ਕਿ ਪੰਜਾਬ ਵਿੱਚ ਬਦਮਾਸਾ ,ਗੈਗਸਟਰ ਤੇ ਦੇਸ਼ ਵਿਰੋਧੀ ਤਾਕਤਾਂ ਦੇ ਹੋਸਲੇ ਬੁਲੰਦ ਹਨ ।ਉਹਨਾਂ ਮੰਗ ਕੀਤੀ ਕਿ ਮਾਸੂਮ ਬੱਚੇ ਦੀ ਹੱਤਿਆ ਦੇ ਦੋਸ਼ੀਆਂ ਨੂੰ ਤੁਰੰਤ ਗਿਰਫਤਾਰ ਕਰਕੇ ਸਖ਼ਤ ਤੋਂ ਸਖ਼ਤ ਸਜਾ ਦਿੱਤੀ ਜਾਵੇ ,ਪੰਜਾਬ ਦਾ ਰੈਗੁਲਰ ਪੁਲਿਸ ਮੁਖੀ ਲਗਾਇਆ ਜਾਵੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਰੰਤ ਅਸਤੀਫ਼ਾ ਦੇਣ।